Sukhbir Badal: ਜਲੰਧਰ ਵਿਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉਤੇ ਗ੍ਰਨੇਡ ਹਮਲੇ ਦੀ ਸਿਆਸੀ ਆਗੂਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਉਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਥਾਣਿਆਂ, ਧਾਰਮਿਕ ਅਸਥਾਨਾਂ 'ਤੇ ਹਮਲਿਆਂ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੀ ਭੰਨਤੋੜ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਭ ਤੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਥਿਤੀ ਨੂੰ ਸੰਭਾਲਣ ਵਿਚ ਅਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਨ੍ਹਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਟਵੀਟ ਕੀਤਾ, "ਪੰਜਾਬ ਵਿਚ ਕਾਨੂੰਨ ਦੀ ਉਲੰਘਣਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੁਲਿਸ ਥਾਣਿਆਂ, ਧਾਰਮਿਕ ਅਸਥਾਨਾਂ 'ਤੇ ਹਮਲਿਆਂ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀਆਂ ਮੂਰਤੀਆਂ ਦੀ ਭਨਤੋੜ ਤੋਂ ਬਾਅਦ, ਹੁਣ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰੇਨੇਡ ਹਮਲਾ ਹੋਇਆ ਹੈ। ਇਹ ਸਾਰੀਆਂ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ 'ਆਪ' ਅਤੇ ਮੁੱਖ ਮੰਤਰੀ ਭਗਵੰਤ ਮਾਨ ਸਥਿਤੀ ਨੂੰ ਸੰਭਾਲਣ ਵਿਚ ਅਸਮਰੱਥ ਹਨ। ਮੁੱਖ ਮੰਤਰੀ ਨੂੰ ਇਨ੍ਹਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।"
ਇਸ ਤੋਂ ਇਲਾਵਾ ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਕਿਸਮਤ ਦਾ ਪਟਾਕਾ ਨਿਕਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਚੰਗੀ ਤਰ੍ਹਾਂ ਤਾਂ ਇਹ ਹਮਲਾ ਨਾ ਹੁੰਦਾ।
ਪੰਜਾਬ ਭਾਜਪਾ ਪ੍ਰਧਾਨ ਨੇ ਘਰ ਦੇ ਬਾਹਰ ਹੋਏ ਧਮਾਕੇ ਨੂੰ ਪੰਜਾਬ ਪੁਲਿਸ ਦੀ ਖੁਫੀਆ ਅਸਫਲਤਾ ਦੱਸਿਆ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ - ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਕਾਂਗਰਸ ਹੈੱਡਕੁਆਰਟਰ 'ਤੇ ਪੰਜਾਬ ਪੁਲਿਸ ਦੀ ਇੱਕ ਖੁਫੀਆ ਟੀਮ ਤਾਇਨਾਤ ਕੀਤੀ ਹੈ। ਮੇਰੇ ਕੋਲ ਦਿੱਲੀ ਕਾਂਗਰਸ ਦੀ ਮੀਟਿੰਗ ਵਿੱਚ ਕੀ ਹੋਇਆ, ਇਸ ਬਾਰੇ ਖੁਫੀਆ ਜਾਣਕਾਰੀ ਹੈ।
ਜਦੋਂ ਮਨੋਰੰਜਨ ਕਾਲੀਆ ਦੇ ਘਰ 'ਤੇ ਬੰਬ ਸੁੱਟਿਆ ਗਿਆ ਸੀ ਤਾਂ ਇਹ ਖੁਫੀਆ ਜਾਣਕਾਰੀ ਕਿੱਥੇ ਸੀ? ਜਲੰਧਰ ਪੁਲਿਸ ਕਮਿਸ਼ਨਰ ਨੇ ਇੱਕ ਬਿਆਨ ਜਾਰੀ ਕੀਤਾ ਕਿ ਪਟਾਕੇ ਚਲਾਏ ਗਏ ਸਨ। ਆਮ ਆਦਮੀ ਪਾਰਟੀ ਦੇ ਦਿੱਲੀ ਆਗੂਆਂ ਨੂੰ ਪੰਜਾਬ ਇੰਚਾਰਜ ਵਜੋਂ ਭੇਜਿਆ ਜਾ ਰਿਹਾ ਹੈ। ਇਹ ਲੋਕ ਜੇਲ੍ਹ ਤੋਂ ਬਾਹਰ ਆ ਗਏ ਹਨ। ਜਿਨ੍ਹਾਂ 'ਤੇ ਨਸ਼ੇ ਵੇਚਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।