Bhai Manjit Singh (ਪਰਮਬੀਰ ਸਿੰਘ ਔਲਖ): ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂ ਤੇ ਅਕਾਲੀ ਸੁਧਾਰ ਲਹਿਰ ਦੇ ਲੀਡਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਉਨ੍ਹਾਂ ਨਾਲ ਭਾਈ ਮਨਜੀਤ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ ਅੱਜ ਗੁਰੂ ਘਰ ਨਤਮਸਤਕ ਹੋਏ।
ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਹੁਣ ਉਹ ਅਕਾਲੀ ਦਲ ਵਿੱਚ ਸੁਧਾਰ ਕਰਨਗੇ ਜਿਸ ਤਹਿਤ ਵੱਡੇ ਹੋਟਲਾਂ ਵਿੱਚ ਹਜ਼ਾਰਾਂ ਰੁਪਏ ਮੀਟਿੰਗਾਂ ਉਤੇ ਨਹੀਂ ਖਰਚਿਆ ਜਾਵੇਗਾ। ਬਲਕਿ ਗੁਰੂ ਘਰਾਂ ਦੇ ਅੰਦਰ ਹਾਲਾਂ ਦੇ ਵਿੱਚ ਦਰੀਆਂ ਉਤੇ ਬੈਠ ਕੇ ਹੀ ਪੰਥ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਫੈਸਲੇ ਕੀਤੇ ਜਾਣਗੇ।
ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਆਪਣੀ ਲੀਡਰਸ਼ਿਪ ਛੱਡ ਕੇ ਕਿਸੇ ਜਥੇਦਾਰ ਨੂੰ ਅਕਾਲੀ ਦਲ ਦੀ ਵਾਗਡੋਰ ਦੇਣ ਜਿਨ੍ਹਾਂ ਦਾ ਪਿਛੋਕੜ ਜਥੇਦਾਰਾਂ ਦਾ ਹੋਵੇ ਤੇ ਉਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਹੋਣ।
ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਪਿੱਛੇ ਹਟ ਚੁੱਕਾ ਹੈ ਤੇ ਉਨ੍ਹਾਂ ਨੂੰ ਸਿਰਫ਼ ਕੁਰਸੀ ਦਾ ਹੀ ਲਾਲਚ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਖੁਦ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਵਾਰ ਸਮਝਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੁਆਫੀ ਮੰਗ ਲੈਣੀ ਚਾਹੀਦੀ ਹੈ ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ। ਇਹ ਸਭ 7-8 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਜੋ ਸੁਖਬੀਰ ਬਾਦਲ ਅੱਜ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹੁਣ ਬਹੁਤ ਦੇਰੀ ਹੋ ਚੁੱਕੀ ਹੈ। ਲੋਕ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਵੀਕਾਰ ਨਹੀਂ ਕਰਨਗੇ। ਇਸ ਲਈ ਅਕਾਲੀ ਦਲ ਦੀ ਵਾਗਡੋਰ ਕਿਸੇ ਪੰਥਕ ਚਿਹਰੇ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਜੋ ਪੰਥ ਦੇ ਮਸਲੇ ਚੁੱਕੇ ਜਾਣ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬਹੁਤ ਵਾਰ ਸੁਣਿਆ ਹੈ ਕਿ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਿਫਾਫਿਆਂ ਵਿਚੋਂ ਨਿਕਲਦੇ ਹਨ। ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਰੀ ਸਿੱਖ ਸੰਗਤ ਨਾਲ ਵਿਚਾਰ ਚਰਚਾ ਕਰਕੇ ਹੀ ਪੰਥਕ ਚਿਹਰਿਆਂ ਨੂੰ ਅੱਗੇ ਲਿਆਇਆ ਜਾਵੇ ਉਹੀ ਜਥੇਦਾਰ ਹੋਣ ਉਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ।
ਇਹ ਵੀ ਪੜ੍ਹੋ : Ferozepur News: ਕੰਡਿਆਲੀ ਤਾਰ ਤੋਂ ਪਾਰ ਜ਼ਮੀਨ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਮੁਆਵਜ਼ੇ ਲਈ ਧਰਨੇ 'ਤੇ ਬੈਠੇ