Shiromani Akali Dal New President(ਕੁਮਲਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ 12 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਰਨਲ ਇਜਲਾਸ ਬੁਲਾਇਆ ਗਿਆ ਜਿੱਥੇ ਹੋਰ ਅਹੁਦੇਦਾਰਾਂ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਦੀ ਚੋਣ ਹੋਵੇਗੀ , ਚੋਣ ਤੋਂ ਪਹਿਲਾਂ ਹੀ ਸਿਆਰੀ ਗਲਿਆਰਿਆਂ ਵਿੱਚ ਕਿਆਸ ਰਾਹੀਆਂ ਲਗਾਈਂ ਜਾ ਰਹੀਆਂ ਹਨ ਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੋਣ ਬਣੇਗਾ।
ਇਹ ਚਾਰ ਨਾਮ ਲੋਕਾਂ ਦੀ ਕਚਹਿਰੀ ਵਿੱਚ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਇਸ ਸਮੇਂ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਾਰ ਨਾਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਤੋਂ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਵਿਰੋਧੀ ਆਗੂਆਂ ਨੂੰ ਇੱਕ ਮੌਕਾ ਮਿਲਦਾ ਹੋਇਆ ਦਿਖਾਈ ਦੇਵੇਗਾ । ਜਿਸ ਤੇ ਤਹਿਤ ਵਿਰੋਧੀ ਧਿਰਾਂ ਵੱਲੋਂ ਜੋ ਇਲਜ਼ਾਮ ਲਗਾਏ ਜਾਂਦੇ ਸਨ ਉਹ ਇਲਜ਼ਾਮ ਸੱਚ ਸਾਬਿਤ ਹੋਣ ਦਾ ਵਿਰੋਧੀ ਧਿਰਾਂ ਦਾਅਵਾ ਕਰ ਸਕਦੀਆਂ ਹਨ। ਵਿਰੋਧੀ ਧਿਰਾਂ ਵੱਲੋਂ ਅਕਸਰ ਹੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹ ਇਲਜ਼ਾਮ ਲਗਾਏ ਜਾਂਦੇ ਸਨ ਕਿ ਸਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਆਪਣਾ ਕਬਜ਼ਾ ਕਰ ਚੁੱਕੇ ਹਨ ਅਤੇ ਉਹ ਪ੍ਰਧਾਨਗੀ ਛੱਡਣਾ ਨਹੀਂ ਚਾਹੁੰਦੇ।
ਇਸ ਤੋਂ ਇਲਾਵਾ ਜੇਕਰ ਪਾਰਟੀ ਦੇ ਡੈਲੀਗੇਟ ਸੋਚਦੇ ਨੇ ਕਿ ਮੌਜੂਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਹੀ ਪ੍ਰਧਾਨ ਵਜੋਂ ਚੁਣਿਆ ਜਾਵੇ ਤਾਂ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਆਉਣ ਵਾਲੀਆਂ ਚੋਣਾਂ ਲੜੀਆਂ ਜਾ ਸਕਣ ਇਹ ਵੀ ਸੰਭਵ ਹੈ ਕਿਉਂਕਿ ਇਸ ਸਮੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਕਿਸੇ ਜਗ੍ਹਾ ਤੇ ਵੀ ਵਿਰੋਧਤਾ ਨਹੀ ਵੇਖਣ ਨੂੰ ਮਿਲੀ। ਪਰ ਦੂਸਰੇ ਪਾਸੇ ਸਿਆਸੀ ਮਾਹਰਾਂ ਦੇ ਮੁਤਾਬਿਕ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਬਹੁਤ ਔਖਾ ਹੋਵੇਗਾ।
ਇਸ ਤੋਂ ਇਲਾਵਾ ਜੇਕਰ ਪਾਰਟੀ ਕਿਸੇ ਮਹਿਲਾ ਨੂੰ ਪ੍ਰਧਾਨ ਵਜੋ ਅੱਗੇ ਲੈ ਕੇ ਆਉਂਦੀ ਹੈ ਕਿਉਂਕਿ ਹੁਣ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਕੋਈ ਵੀ ਪ੍ਰਧਾਨ ਮਹਿਲਾ ਨਹੀਂ ਹੈ। ਇਸ ਲਈ ਇੱਕ ਮਹਿਲਾ ਨੂੰ ਪ੍ਰਧਾਨ ਦੀ ਜਿੰਮੇਵਾਰੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਾਕੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲੋਂ ਇੱਕ ਵੱਖਰੀ ਮਿਸਾਲ ਦੇ ਸਕਦਾ ਹੈ। ਜੇਕਰ ਅਜਿਹਾ ਪਾਰਟੀ ਵੱਲੋਂ ਕੀਤਾ ਜਾਂਦਾ ਹੈ ਤਾਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਨਾਮ ਉੱਤੇ ਪਾਰਟੀ ਮੋਹਰ ਲਗਾ ਸਕਦੀ ਸੀ।
ਜੇਕਰ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਵਰਗ ਨੂੰ ਵੇਖਦਿਆਂ ਹੋਇਆਂ ਪਾਰਟੀ ਦਾ ਪ੍ਰਧਾਨ ਲਗਾਇਆ ਜਾਂਦਾ ਹੈ ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਇਸ ਸਮੇਂ ਸਭ ਤੋਂ ਅੱਗੇ ਚੱਲ ਰਿਹਾ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਨੌਜਵਾਨਾਂ ਦੇ ਵਿੱਚ ਇੱਕ ਵੱਖਰੇ ਤਰੀਕੇ ਦੀ ਛਵੀ ਜੋ ਦੇਖਣ ਨੂੰ ਮਿਲਦੀ ਹੈ ਅਤੇ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜੋੜਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਦੇ ਨਾਮ ਤੇ ਵੀ ਦਾਅ ਖੇਡ ਸਕਦੀ ਹੈ।