Akali Dal News (ਅਨਮੋਲ ਸਿੰਘ ਵੜਿੰਗ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਇਸਦੇ ਲੋਕਾਂ ਨੂੰ ਬਚਾਉਣ ਲਈ 1 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੀ ਦਿਲੋਂ ਤੇ ਡਟਵੀਂ ਹਮਾਇਤ ਕਰਨ।
ਇਥੇ ਇਤਿਹਾਸਕ ਮਾਘੀ ਮੇਲੇ ਉਤੇ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਆਮ ਆਦਮੀ ਪਾਰਟੀ ਤੋਂ ਬਚਾਉਣਾ ਚਾਹੁੰਦੇ ਹਨ, ਜਿਸਨੇ ਸੂਬੇ ਨੂੰ ਕੰਗਾਲ ਕਰ ਦਿੱਤਾ ਤੇ ਅਰਥਚਾਰਾ ਤਬਾਹ ਕਰ ਦਿੱਤਾ ਅਤੇ ਸਮਾਜ ਦੇ ਹਰ ਵਰਗ ਨਾਲ ਧੋਖਾ ਕਰ ਕੇ ਹਾਰ ਮੁਹਾਜ਼ ਉਤੇ ਸਰਕਾਰ ਫੇਲ੍ਹ ਸਾਬਤ ਹੋਈ ਹੈ।
ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ-ਕਾਂਗਰਸ ਗਠਜੋੜ ਜੋ ਅਗਲੀਆਂ ਸੰਸਦੀ ਚੋਣਾਂ ਦੇ ਸੰਬੰਧ ਵਿਚ ਛੇਤੀ ਹੀ ਬਣਨ ਜਾ ਰਿਹਾ ਹੈ, ਨੂੰ ਵੀ ਨਕਾਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਤੁਹਾਨੂੰ ਅਤੇ ਸੂਬੇ ਨੂੰ ਲੁੱਟਿਆ ਹੈ ਤੇ ਹੁਣ ਇਹ ਗਠਜੋੜ ਜੋ ਕਿ ਸੂਬੇ ਦੇ ਹਿੱਤਾਂ ਲਈ ਮਾਰੂ ਸਾਬਤ ਹੋਣ ਵਾਲਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਸੇ ਨਾ ਕਿਸੇ ਕਾਰਨ ਆਪਣੀ ਮਾਂ ਪਾਰਟੀ ਛੱਡ ਕੇ ਗਏ ਅਕਾਲੀ ਆਗੂਆਂ ਨੂੰ ਮੁੜ ਪਾਰਟੀ ਵਿਚ ਪਰਤਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਸੂਬੇ ਉਤੇ ਕਾਂਗਰਸ ਤੇ ਆਪ ਦੋਵਾਂ ਨੇ ਹਮਲਾ ਕੀਤਾ ਹੈ ਜੋ ਮੌਜੂਦਾ ਹਾਲਾਤ ਲਈ ਸਾਂਝੇ ਤੌਰ ਉਤੇ ਜ਼ਿੰਮੇਵਾਰ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਗਠਜੋੜ ਨੂੰ ਹਰਾਉਣਾ ਪਵੇਗਾ ਤਾਂ ਜੋ ਪੰਜਾਬ ਜਿੱਤ ਜਾਵੇ। ਉਨ੍ਹਾਂ ਨੇ ਕਿਹਾ ਕਿ ਇਕ ਖੇਤਰੀ ਪਾਰਟੀ ਹੋਣ ਦੇ ਕਾਰਨ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸਦਾ ਇਕਲੌਤਾ ਮਕਸਦ ਪੰਜਾਬੀਆਂ ਦੀ ਭਲਾਈ ਦੀ ਰਾਖੀ ਕਰਨਾ ਤੇ ਉਨ੍ਹਾਂ ਦੇ ਹੱਕਾਂ ਲਈ ਲੜ ਕੇ ਸੂਬੇ ਨੂੰ ਅੱਗੇ ਲਿਜਾਣਾ ਹੈ। ਇਹੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਬਾਦਲ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਦਾ ਅਸਲੀ ਕਿਰਦਾਰ ਪਛਾਣਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਤੇ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸੂਬੇ ਵਿਚੋਂ ਇੰਡਸਟਰੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵੱਲ ਜਾ ਰਹੀ ਹੈ ਕਿਉਂਕਿ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਨਾਕਾਮ ਸਾਬਤ ਹੋਏ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੇ ਗੱਦਾਰਾਂ ਦੀ ਪਛਾਣ ਕਰਨ ਜੋ ਪੰਥ ਦੇ ਏਕੇ ਦੇ ਰਾਹ ਵਿਚ ਰੁਕਾਵਟ ਬਣ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਤਾਕਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸਾਫ ਦਿਲ ਨਾਲ ਮੰਗੀ ਮੁਆਫੀ ਤੋਂ ਪ੍ਰੇਸ਼ਾਨ ਹੋ ਗਏ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਲਈ ਵੋਟਾਂ ਰਜਿਸਟਰ ਕਰਵਾਉਣ।
ਇਹ ਵੀ ਪੜ੍ਹੋ : Jhabal Sarpanch Murder News: ਝਬਾਲ ਦੇ ਸਰਪੰਚ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਸੈਲੂਨ ਦੇ ਬਾਹਰ ਹੋਈ ਫਾਇਰਿੰਗ