Hania Amir Controversy: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ 'ਸਰਦਾਰ ਜੀ 3' ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਦਿਲਜੀਤ ਅਤੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਦੌਰਾਨ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਿਲਜੀਤ ਦੋਸ਼ਾਂਝ ਦੇ ਹੱਕ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਦਿਲਜੀਤ ਦੋਸ਼ਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੇਟ ਗੈਂਗ ਕਹਿ ਬੁਲਾਇਆ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਲਿਖਿਆ ਹੈ ਕਿ ਜਦੋਂ ਸੂਰਜ ਚੜ੍ਹਦਾ ਹੈ, ਨਫ਼ਰਤ ਦੇ ਬਾਜ਼ਾਰ ਗਰਮ ਹੋਣ ਲੱਗਦੇ ਹਨ।
ਸਿਰਫ਼ ਦਿਲਜੀਤ ਦੋਸਾਂਝ ਹੀ ਨਹੀਂ, ਇਸ ਹੇਟ ਗੈਂਗ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਪੰਜਾਬੀਆਂ ਵਿਰੁੱਧ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ। ਪਰ ਹਰ ਵਾਰ ਉਨ੍ਹਾਂ ਦੀਆਂ ਸਾਜ਼ਿਸ਼ਾਂ ਅਸਫਲ ਰਹੀਆਂ, ਕਿਉਂਕਿ ਦੇਸ਼ ਵਾਸੀ ਪੰਜਾਬੀਆਂ ਦੀ ਦੇਸ਼ ਭਗਤੀ, ਬਹਾਦਰੀ ਅਤੇ ਸੇਵਾ ਭਾਵਨਾ ਤੋਂ ਚੰਗੀ ਤਰ੍ਹਾਂ ਜਾਣੂ ਹਨ। ਦਿਲਜੀਤ ਨੇ ਹਮੇਸ਼ਾ ਹਰ ਪਲੇਟਫਾਰਮ 'ਤੇ ਦੇਸ਼ ਲਈ ਮਾਣ ਲਿਆਂਦਾ ਹੈ। ਇਹ ਹੇਟ ਗੈਂਗ ਦਿਲਜੀਤ ਦੇ ਦਿਲ ਵਿੱਚੋਂ ਦੇਸ਼ ਪ੍ਰਤੀ ਪਿਆਰ ਅਤੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚੋਂ ਦਿਲਜੀਤ ਪ੍ਰਤੀ ਸਤਿਕਾਰ ਨੂੰ ਕਦੇ ਵੀ ਮਿਟਾ ਨਹੀਂ ਸਕੇਗਾ।
ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਦਿਲਜੀਤ ਦੋਸਾਂਝ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ, ਜੋ ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਨੂੰ ਲੈ ਕੇ ਵਿਵਾਦ ਵਿੱਚ ਘਿਰੇ ਹੋਏ ਹਨ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਕਿਹਾ- ਦਿਲਜੀਤ ਸਿਰਫ਼ ਇੱਕ ਮਸ਼ਹੂਰ ਕਲਾਕਾਰ ਨਹੀਂ ਹੈ, ਉਹ ਇੱਕ ਰਾਸ਼ਟਰੀ ਸੰਪਤੀ ਹੈ ਤੇ ਭਾਰਤੀ ਸੱਭਿਆਚਾਰ ਦਾ ਇੱਕ ਵਿਸ਼ਵਵਿਆਪੀ ਰਾਜਦੂਤ ਹੈ। FWICE ਦਾ ਅਣਜਾਣੇ ਵਿੱਚ ਤੇ ਘਟਨਾ ਤੋਂ ਪਹਿਲਾਂ ਇੱਕ ਫਿਲਮ ਦੀ ਸ਼ੂਟਿੰਗ ਲਈ ਉਸਦੀ ਭਾਰਤੀ ਨਾਗਰਿਕਤਾ ਰੱਦ ਕਰਨ ਦਾ ਸੱਦਾ ਨਾ ਸਿਰਫ਼ ਅਨੁਚਿਤ ਹੈ, ਸਗੋਂ ਹੈਰਾਨ ਕਰਨ ਵਾਲਾ ਵੀ ਹੈ।
ਪਾਕਿਸਤਾਨੀ ਅਦਾਕਾਰਾ ਵਾਲੀ ਫਿਲਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ। ਜੇ ਕੋਈ ਨਾਰਾਜ਼ਗੀ ਹੈ, ਤਾਂ ਇਸਨੂੰ ਬਾਈਕਾਟ ਰਾਹੀਂ ਜਾਂ ਫਿਲਮ ਨੂੰ ਭਾਰਤ ਵਿੱਚ ਨਾ ਦਿਖਾਉਣ ਦੀ ਬੇਨਤੀ ਕਰਕੇ ਪ੍ਰਗਟ ਕੀਤਾ ਜਾ ਸਕਦਾ ਹੈ ਪਰ ਦਿਲਜੀਤ ਦੀ ਦੇਸ਼ ਭਗਤੀ 'ਤੇ ਹਮਲਾ ਕਰਨਾ ਅਤੇ ਅਜਿਹਾ ਅਤਿਅੰਤ ਕਦਮ ਚੁੱਕਣ ਦੀ ਮੰਗ ਕਰਨਾ ਪੂਰੀ ਤਰ੍ਹਾਂ ਤਰਕਹੀਣ ਹੈ। ਭਾਰਤੀ ਕ੍ਰਿਕਟ ਟੀਮ ਨੇ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਵਿਰੁੱਧ ਮੈਚ ਖੇਡਿਆ ਸੀ। ਕੀ FWICE ਜਾਂ ਹੋਰਾਂ ਨੇ ਉਦੋਂ ਇਤਰਾਜ਼ ਕੀਤਾ ਸੀ?