Sukhman Gill(ਨਵਦੀਪ ਸਿੰਘ): ਮੋਗਾ ਅਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ, 26 ਸਾਲਾ ਸੁਖਮਨ ਗਿੱਲ ਨੇ ਐਬਟਸਫੋਰਡ ਸਾਊਥ ਲੈਂਗਲੀ, ਕੈਨੇਡਾ ਤੋਂ ਸਭ ਤੋਂ ਘੱਟ ਉਮਰ ਦਾ ਸੰਸਦ ਮੈਂਬਰ ਬਣ ਕੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਪ੍ਰਾਪਤੀ 'ਤੇ ਉਨ੍ਹਾਂ ਦੇ ਪਿੰਡ, ਬੁੱਕਣਵਾਲਾ ਵਿੱਚ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਹੈ, ਸਥਾਨਕ ਲੋਕਾਂ ਨੇ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ ਉੱਤੇ ਭੰਗੜੇ ਪਾਕੇ ਕੇ ਜਸ਼ਨ ਮਨਾਇਆ। ਉਨ੍ਹਾਂ ਮਾਣ ਨਾਲ ਕਿਹਾ ਕਿ ਸੁਖਮਨ ਗਿੱਲ ਨੇ ਇੰਨੀ ਛੋਟੀ ਉਮਰ ਵਿੱਚ ਚੋਣ ਜਿੱਤ ਕੇ ਆਪਣੇ ਪਿੰਡ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿੱਤੀ ਹੈ।
ਪਿੰਡ ਵਾਸੀਆਂ ਨੇ ਸੁਖਮਨ ਗਿੱਲ 'ਤੇ ਬਹੁਤ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਕੈਨੇਡਾ ਵਿੱਚ ਪੈਦਾ ਹੋਣ ਦੇ ਬਾਵਜੂਦ, ਉਹ ਆਪਣੀਆਂ ਜੜ੍ਹਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਹਰ ਸਾਲ, ਜਦੋਂ ਉਹ ਆਪਣੇ ਜੱਦੀ ਪਿੰਡ ਜਾਂਦਾ ਹੈ, ਤਾਂ ਉਹ ਭਾਈਚਾਰੇ ਨਾਲ ਘੁਲ-ਮਿਲ ਜਾਂਦਾ ਹੈ, ਆਪਣੀ ਸਾਦਗੀ ਅਤੇ ਆਪਣੇ ਲੋਕਾਂ ਲਈ ਪਿਆਰ ਦਾ ਪ੍ਰਦਰਸ਼ਨ ਕਰਦਾ ਹੈ।
ਇਸ ਤੋਂ ਇਲਾਵਾ, ਪਿੰਡ ਵਾਸੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੁਖਮਨ ਦੇ ਦਾਦਾ ਜੀ ਇਕਬਾਲ ਸਿੰਘ ਨੇ ਹਮੇਸ਼ਾ ਪਿੰਡ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ, ਦੱਬੇ-ਕੁਚਲੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ ਅਤੇ ਭਾਈਚਾਰੇ ਦੁਆਰਾ ਚਲਾਏ ਜਾ ਰਹੇ ਉਪਰਾਲਿਆਂ ਦਾ ਸਮਰਥਨ ਕੀਤਾ ਹੈ।
ਕੈਨੇਡਾ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ, ਮੋਗਾ ਜ਼ਿਲ੍ਹੇ ਤੋਂ ਚਾਰ ਸੰਸਦ ਮੈਂਬਰ ਚੁਣੇ ਗਏ, ਜੋ ਕਿ ਇਸ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਸੁਖਮਨ ਗਿੱਲ ਦੀ ਜਿੱਤ ਨੂੰ ਖਾਸ ਕਰਕੇ ਨੌਜਵਾਨਾਂ ਲਈ ਇੱਕ ਵੱਡੀ ਸਫਲਤਾ ਅਤੇ ਭਵਿੱਖ ਲਈ ਉਮੀਦ ਦੀ ਕਿਰਨ ਵਜੋਂ ਮਨਾਇਆ ਜਾ ਰਿਹਾ ਹੈ।