Ludhiana News: ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਫਿਰੋਜ਼ਪੁਰ ਵਿੱਚ ਇੱਕ ਘਰ ਉੱਤੇ ਡਰੋਨ ਦੇ ਪਾਰਟਸ ਡਿੱਗਣ ਨਾਲ ਅੱਗ ਲੱਗਣ ਦੀ ਘਟਨਾ ਵਾਪਰ ਗਈ ਸੀ, ਜਿਸ ਦੌਰਾਨ ਪਰਿਵਾਰ ਦੇ ਕਈ ਮੈਂਬਰ ਝੁਲਸ ਗਏ ਸਨ। ਜਿਨ੍ਹਾਂ ਨੂੰ ਇਲਾਜ ਲਈ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਸੀ। ਪੀੜਤਾਂ ਦੀ ਹਾਲਤ ਸਬੰਧੀ ਜਾਣਨ ਲਈ ਡੀਐਮਸੀ ਹਸਪਤਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਵਿੱਚ ਪਹੁੰਚੇ।
ਉਨ੍ਹਾਂ ਨੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਘਟਨਾ ਵਿੱਚ ਦੋਵੇਂ ਵਿਅਕਤੀ ਕਾਫੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਦਿਆਨੰਦ ਮੈਡੀਕਲ ਕਾਲਜ ਵੱਲੋਂ ਕੀਤਾ ਜਾ ਰਿਹਾ ਹੈ। ਪਰਿਵਾਰ ਨੂੰ ਉਨ੍ਹਾਂ ਨੇ ਹੌਸਲਾ ਦਿੱਤਾ ਕਿ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅੱਤਵਾਦ ਖਿਲਾਫ਼ ਸਾਰਾ ਦੇਸ਼ ਸਾਰਾ ਪੰਜਾਬ ਇਕਜੁੱਟ ਹੈ। ਉਨ੍ਹਾਂ ਨੇ ਕਿਹਾ ਕਿ ਲੜਾਈ ਇਕੱਲੇ ਪੰਜਾਬ ਦੀ ਨਹੀਂ ਇਹ ਸਾਰੇ ਹਿੰਦੁਸਤਾਨ ਦੀ ਲੜਾਈ ਹੈ।
ਵੈਸੇ ਤਾਂ ਹਿੰਦੁਸਤਾਨ ਅੱਤਵਾਦ ਖਿਲਾਫ ਦੁਨੀਆ ਦੀ ਲੜਾਈ ਲੜ ਰਿਹਾ ਹੈ, ਲੜਾਈ ਅੱਤਵਾਦ ਖਿਲਾਫ ਹੈ। ਉਹ ਅੱਤਵਾਦ ਜਿਸਦਾ ਖੌਫਨਾਕ ਚਿਹਰਾ ਪੁਲਵਾਮਾ ਅਤੇ ਪਹਿਲਗਾਮ ਵਿੱਚ ਦੇਖਣ ਨੂੰ ਮਿਲਿਆ ਪਰ ਪੰਜਾਬ ਨੇ ਇਸ ਅੱਤਵਾਦ ਨੂੰ ਆਪਣੇ ਉੱਪਰ ਕਈ ਸਾਲ ਤਕ ਹੰਡਾਇਆ ਹੈ। ਅਤੇ ਅੱਤਵਾਦ ਨਾਲ ਹਜ਼ਾਰਾਂ ਜਾਨਾ ਗਈਆਂ ਹਨ। ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਨੇ ਇੰਨੀ ਹਿੰਮਤ ਦਿੱਤੀ ਹੈ ਕਿ ਜਦ ਕਿਤੇ ਵੀ ਦੇਸ਼ ਦੀ ਸੁਰੱਖਿਆ ਦੀ ਲੋੜ ਪੈਂਦੀ ਹੈ। ਤਾਂ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਸਭ ਤੋਂ ਅੱਗੇ ਖੜਦਾ ਹੈ।
ਚਾਹੇ ਮੁਗਲਾਂ ਦੇ ਸਮੇਂ ਹੋਵੇ ਚਾਹੇ ਅੱਜ ਅੱਤਵਾਦ ਦੇ ਨਾਲ ਲੜਾਈ ਹੋਵੇ ਕਦੇ ਵੀ ਪੰਜਾਬ ਨੇ ਦੇਸ਼ ਦੀ ਸੁਰੱਖਿਆ ਲਈ ਜਾਨ ਮਾਲ ਦੀ ਪਰਵਾਹ ਨਹੀਂ ਕੀਤੀ। ਪਾਕਿਸਤਾਨ ਦੇ ਨਾ ਪਾਕ ਇਰਾਦੇ ਦੇ ਵਿਰੁੱਧ ਪੰਜਾਬ ਦੇ ਲੋਕ ਫੌਜ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਦਿਖਾਈ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ ਜਦੋਂ ਕੱਲ ਸੀਜ਼ ਫਾਇਰ ਦੀ ਖਬਰ ਆਈ ਇਸ ਗੱਲ ਦਾ ਲੋਕਾਂ ਨੇ ਸਵਾਗਤ ਕੀਤਾ ਅਤੇ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਦੀ ਫੌਜ ਨੇ ਅੱਤਵਾਦ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਪਰ ਜਦ ਯੁੱਧ ਵਿਰਾਮ ਦੀ ਖਬਰ ਆਈ ਉਸ ਤੋਂ ਬਾਅਦ ਲੋਕਾਂ ਨੇ ਇਸ ਦਾ ਸਵਾਗਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਵੀ ਇਸੇ ਦੌਰਾਨ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ ਜਿੱਥੇ ਕਿ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਗਵਰਨਰ ਨੂੰ ਇੱਕ ਪ੍ਰਪੋਜਲ ਪੇਸ਼ ਕੀਤਾ ਕਿ ਪੰਜਾਬ ਦੇ ਕਿਸਾਨਾਂ ਦਾ ਉਦਯੋਗ ਦਾ ਹਮੇਸ਼ਾ ਤੋਂ ਨੁਕਸਾਨ ਹੋਇਆ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਕੋਲ ਜਾਣਾ ਚਾਹੀਦਾ ਹੈ।
ਜੰਮੂ-ਕਸ਼ਮੀਰ ਦੀ ਤਰ੍ਹਾਂ ਪੰਜਾਬ ਲਈ ਸਪੈਸ਼ਲ ਪੈਕੇਜ ਮੰਗਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਆਰਥਿਕਤਾ ਨੂੰ ਜੋ ਅਸਰ ਪਿਆ ਹੈ ਉਹ ਠੀਕ ਹੋ ਸਕੇ ਸੁਨੀਲ ਜਾਖੜ ਨੇ ਕਿਹਾ ਚਾਹੇ 1965 ਦੀ ਲੜਾਈ ਹੋਵੇ ਚਾਹੇ 71 ਦੀ ਪੰਜਾਬ ਦੇ ਅਰਥਚਾਰੇ ਤੇ ਇਸ ਦਾ ਬਹੁਤ ਅਸਰ ਪਿਆ ਹੈ।
ਇਸ ਲਈ ਹੁਣ ਕੇਂਦਰ ਦੀ ਸਰਕਾਰ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦੇਵੇ ਜਿਸ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਵਿਚਕਾਰ ਕੋਈ ਮਤਭੇਦ ਨਹੀਂ ਪਰ ਜੋ ਅੱਤਵਾਦ ਹੈ ਉਸ ਵੱਲੋਂ ਆਪਣੀਆਂ ਹਰਕਤਾਂ ਨਾਲ ਆਪਸੀ ਭਾਈਚਾਰਕ ਏਕਤਾ ਨੂੰ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਭਾਰਤ ਦੇਸ਼ ਦੀ ਲੜਾਈ ਅੱਤਵਾਦ ਨਾਲ ਹਮੇਸ਼ਾ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ ਅਤੇ ਅੱਤਵਾਦ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।