Nangal Fire News (ਬਿਮਲ ਸ਼ਰਮਾ): ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਜੰਗਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧਣ ਲੱਗ ਜਾਂਦੀਆਂ ਹਨ। ਤਾਜਾ ਮਾਮਲਾ ਨੰਗਲ ਅਨਾਜ ਮੰਡੀ ਦਾ ਹੈ ਮੰਡੀ ਨਾਲ ਜੰਗਲੀ ਏਰੀਆ ਜਿੱਥੇ ਝਾੜੀਆਂ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਨੇ ਇਕਦਮ ਹੀ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਤੇ ਅੱਗ ਅਨਾਜ ਮੰਡੀ ਵੱਲ ਵਧਣ ਲੱਗ ਪਈ।
ਮੰਡੀ ਦੇ ਆੜ੍ਹਤੀਆਂ ਵੱਲੋਂ ਨਗਰ ਕੌਂਸਲ ਨੰਗਲ, ਬੀਬੀਐਮਬੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਅੱਗ ਉਤੇ ਕਾਬੂ ਪਾ ਲਿਆ ਗਿਆ। ਜਿੱਥੇ ਦਾਣਾ ਮੰਡੀ ਹੈ ਉਸਦੇ ਬਿਲਕੁਲ ਨਾਲ ਹੀ 66 ਕੇਵੀ ਦਾ ਸਬ ਸਟੇਸ਼ਨ ਹੈ ਜਿਸ ਤੋਂ ਸਿੱਧੀ ਸਪਲਾਈ ਭਾਖੜੇ ਤੋਂ ਆਉਂਦੀ ਹੈ ਤੇ ਨੰਗਲ ਦੇ ਨਾਲ ਲੱਗਦੇ ਕਈ ਪਿੰਡਾਂ ਨੂੰ ਇਸ ਜਗ੍ਹਾ ਤੋਂ ਸਪਲਾਈ ਪਹੁੰਚਦੀ ਹੈ।
ਨੰਗਲ ਦੀ ਅਨਾਜ ਮੰਡੀ ਦੇ ਕੋਲ ਜੰਗਲੀ ਏਰੀਆ ਵਿੱਚ ਝਾੜੀਆਂ ਹੋਣ ਕਰਕੇ ਅਚਾਨਕ ਹੀ ਅੱਗ ਲੱਗ ਗਈ ਤੇ ਹਵਾ ਚੱਲਣ ਕਰਕੇ ਅੱਗ ਹੋਰ ਜ਼ਿਆਦਾ ਵੱਧ ਗਈ ਤੇ ਤੇਜ਼ੀ ਨਾਲ ਅਨਾਜ ਮੰਡੀ ਵੱਲ ਵਧਣ ਲੱਗ ਪਈ। ਇਸ ਕਰਕੇ ਆੜ੍ਹਤੀਆਂ ਨੂੰ ਫਿਕਰ ਹੋਣ ਲੱਗ ਪਈ ਤੇ ਮੌਕੇ ਉਤੇ ਮੰਡੀ ਵਿੱਚ ਮੌਜੂਦ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਸਮੇਂ ਸਿਰ ਪਹੁੰਚ ਗਈਆਂ ਤੇ ਉਨ੍ਹਾਂ ਵੱਲੋਂ ਅੱਗ ਉਤੇ ਕਾਬੂ ਪਾ ਲਿਆ ਗਿਆ।
ਘਟਨਾ ਸਥਾਨ ਉਤੇ ਪਹੁੰਚੀ ਨਗਰ ਕੌਂਸਲ ਨੰਗਲ ਦੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਇੱਕ ਬੀਬੀਐਮਬੀ ਦੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਨੂੰ ਬੁਝਾ ਦਿੱਤਾ ਤੇ ਅੱਗ ਅਨਾਜ ਮੰਡੀ ਤੱਕ ਨਹੀਂ ਪਹੁੰਚ ਸਕੀ ਪਰ ਫਿਰ ਵੀ ਆੜ੍ਹਤੀਆਂ ਵੱਲੋਂ ਭਰੀਆਂ ਹੋਈਆਂ ਕਣਕ ਦੀਆਂ ਬੋਰੀਆਂ ਨੂੰ ਸਮੇਂ ਸਿਰ ਉਸ ਜਗ੍ਹਾ ਤੋਂ ਚੁੱਕ ਲਿਆ ਗਿਆ ਜਿਸ ਜਗ੍ਹਾ ਅੱਗ ਛੇਤੀ ਪਹੁੰਚ ਸਕਦੀ ਸੀ। ਅਨਾਜ ਮੰਡੀ ਦੇ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਰਮੀ ਜ਼ਿਆਦਾ ਹੋਣ ਕਰਕੇ ਅਚਾਨਕ ਲੱਗੀ ਅੱਗ ਨੇ ਇਕਦਮ ਇੰਨਾ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਸਾਨੂੰ ਵੀ ਆਪਣੀ ਜਾਨ ਤੇ ਸਾਮਾਨ ਬਚਾਉਣ ਦੀ ਨੱਠ ਭੱਜ ਪੈ ਗਈ।
ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਕਿ ਅਗਲੇ ਸੀਜ਼ਨ ਵਿੱਚ ਵੀ ਜਦੋਂ ਤੱਕ ਕਣਕ ਦਾ ਸੀਜ਼ਨ ਮੰਡੀ ਦੇ ਵਿੱਚ ਚੱਲ ਰਿਹਾ ਹੈ ਉਦੋਂ ਤੱਕ ਇੱਕ ਜਾਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਡੀ ਦੇ ਵਿੱਚ ਹੀ ਖੜ੍ਹੀਆਂ ਰਹਿਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਬੀਬੀਐਮਬੀ ਦੇ 66 ਕੇਵੀ ਸਬ ਸਟੇਸ਼ਨ ਦੇ ਜੇਈ ਨੇ ਗੱਲ ਕਰਦੇ ਕਿਹਾ ਕਿ ਸਬ ਸਟੇਸ਼ਨ ਦੇ ਨਾਲ ਜੰਗਲੀ ਝਾੜੀਆਂ ਕਾਫੀ ਜ਼ਿਆਦਾ ਉੱਗੀਆਂ ਹੋਈਆਂ ਸਨ ਜਿਨਾਂ ਨੂੰ ਸਬ ਸਟੇਸ਼ਨ ਦੇ ਨਾਲ ਦੋ ਦਿਨ ਪਹਿਲਾਂ ਹੀ ਸਾਫ ਕਰ ਲਿਆ ਗਿਆ ਸੀ ਪਰ ਫਿਰ ਵੀ ਅੱਜ ਅਚਾਨਕ ਅੱਗ ਲੱਗ ਗਈ। ਸਮੇਂ ਸਿਰ ਬੀਬੀਐਮਬੀ ਤੇ ਨਗਰ ਕੌਂਸਲ ਦੀਆਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਉਤੇ ਕਾਬੂ ਪਾ ਲਿਆ ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।