Firozpur News: ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਦੋ ਕਾਰਾ ਦੀ ਆਹਮੋ-ਸਾਹਮਣੀ ਟੱਕਰ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਪੀਰ ਖਾਂ ਸ਼ੇਖਾਂ ਲਾਗੇ ਵਾਪਰਿਆ ਹੈ। ਇਹ ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਦੋਨਾਂ ਕਾਰਾ ਦੇ ਪਰਖੱਚੇ ਉੱਡ ਗਏ। ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਵਿੱਚ ਪੰਜ ਤੋਂ ਛੇ ਲੋਕਾਂ ਨੂੰ ਬੇਹੱਦ ਜਿਆਦਾ ਸੱਟਾਂ ਲੱਗੀਆਂ ਹਨ। ਇਸ ਟੱਕਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਬਾਕੀ ਜਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੀ ਹੋਈ ਮੌਤ
ਹਾਦਸੇ ਸਬੰਧੀ ਇੱਕ ਹੋਰ ਵੱਡੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਦੋਵਾਂ ਕਾਰਾਂ 'ਚ ਗੰਭੀਰ ਜ਼ਖ਼ਮੀਆਂ ਵਿੱਚੋਂ 2 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇੱਕ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ ਜੋ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਵਜੋਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਤੈਨਾਤ ਸੀ ਅਤੇ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ 108 ਐਮਰਜੰਸੀ ਐਬੂਲੈਂਸ ਮੌਕੇ ਤੇ ਪਹੁੰਚ ਗਈ ਅਤੇ ਮੌਕੇ ਤੇ ਇਕੱਤਰ ਹੋਏ ਲੋਕਾਂ ਦੀ ਸਹਾਇਤਾ ਦੇ ਨਾਲ ਜਖਮੀਆਂ ਨੂੰ 108 ਐਮਰਜਂਸੀ ਐਬੂਲੈਂਸ ਰਾਹੀਂ ਇਲਾਜ ਦੇ ਲਈ ਫਿਰੋਜ਼ਪੁਰ ਵਿਖੇ ਰਵਾਨਾ ਕਰ ਦਿੱਤਾ ਗਿਆ।
ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਡਾਕਟਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਜ਼ਖ਼ਮੀ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਕ ਜ਼ਖ਼ਮੀ ਦਾ ਇਲਾਜ ਸਿਵਲ ਹਸਪਤਾਲ ਵਿੱਚ ਹੀ ਚੱਲ ਰਿਹਾ ਹੈ ਜਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।