Gurdaspur News: ਨਸ਼ਿਆਂ ਖਿਲਾਫ਼ ਲੋਕਾਂ ਵਿੱਚ ਅਲਖ਼ ਜਗਾਉਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪਦ ਯਾਤਰਾ ਵਿੱਢੀ ਹੋਈ ਹੈ। ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਨ ਅੰਦੋਲਨ ਵਿੱਢਣ ਦਾ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਹੀ ਇਸ ਅਲਾਮਤ ਨਾਲ ਨਜਿੱਠਿਆ ਜਾ ਸਕਦਾ ਹੈ। ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੇ ਅੱਜ ਤੀਜੇ ਦਿਨ ਫਤਿਹਗੜ੍ਹ ਚੂੜੀਆਂ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਉਹ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਵੱਲੋਂ ਇਸ ਪੈਦਲ ਯਾਤਰਾ ’ਚ ਹਿੱਸਾ ਲਿਆ ਗਿਆ।
ਰਾਜਪਾਲ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਅਤੇ ਨਸ਼ਾ ਮੁਕਤ ਭਾਰਤ ਨੂੰ ਬਣਾਉਣਾ ਹੀ ਸਾਡਾ ਮਕਸਦ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਲੋਕ ਇਸ ਪੈਦਲ ਯਾਤਰਾ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦਾ ਬਹਾਦਰ ਸੂਬਾ ਰਿਹਾ ਹੈ। ਆਪਣੀਆਂ ਜਾਨਾਂ ਦੇ ਕੇ ਪੰਜਾਬੀਆਂ ਨੇ ਦੇਸ਼ ਦੀ ਰੱਖਿਆ ਕੀਤੀ ਹੈ। ਭਗਤ ਸਿੰਘ ਹੋਰਾਂ ਨੇ ਸ਼ਹੀਦੀ ਪ੍ਰਾਪਤ ਕਰਕੇ ਦੇਸ਼ ਨੂੰ ਆਜ਼ਾਦੀ ਦਵਾਈ।
ਇਹ ਵੀ ਪੜ੍ਹੋ : Jalandhar News: ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਉਤੇ ਛਾਪੇਮਾਰੀ, ਕੀਤਾ ਸੀਲ
ਅੱਜ ਵੀ ਪੰਜਾਬੀ ਨੌਜਵਾਨ ਫੌਜ ਵਿੱਚ ਆਪਣੀਆਂ ਡਿਊਟੀ ਦਿੰਦੇ ਹੋਏ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦ ਹੋ ਰਹੇ ਹਨ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸੂਰਬੀਰਾਂ ਦੀ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਦੀ ਰਾਖੀ ਕੀਤੀ ਹੈ। ਛੋਟੀ ਜਿਹੀ ਬੁਰਾਈ ਸਮਾਜ ਵਿੱਚ ਆਈ ਹੈ ਸਾਨੂੰ ਮਿਲ ਕੇ ਉਸਦਾ ਸਾਹਮਣਾ ਕਰਨਾ ਹੋਵੇਗਾ। ਆਪਣੀਆਂ ਗਲੀਆਂ ਅਤੇ ਪਿੰਡਾਂ ਦੇ ਬਾਹਰ ਬੋਰਡ ਲਗਾਓ ਕਿ ਇਹ ਪਿੰਡ ਨਸ਼ਾ ਮੁਕਤ ਹੈ। ਜਿਹੜੇ ਪਿੰਡ ਨਸ਼ਾ ਮੁਕਤ ਹਨ ਉਥੇ ਬੋਰਡ ਲਗਾਏ ਜਾਣ। ਅਸੀਂ ਚੰਗੇ ਕੰਮ ਲਈ ਚੱਲੇ ਹਾਂ ਪਰਮਾਤਮਾ ਸਾਨੂੰ ਜ਼ਰੂਰ ਬਲ ਬਖਸ਼ਣਗੇ। ਇਹ ਰਾਜਪਾਲ ਦਾ ਅੰਦੋਲਨ ਨਹੀਂ ਹੈ ਇਹ ਜਨ ਅੰਦੋਲਨ ਹੈ ਤੇ ਲੋਕਾਂ ਦਾ ਅੰਦੋਲਨ ਹੈ।
ਇਹ ਵੀ ਪੜ੍ਹੋ : Canada Murder News: ਕੈਨੇਡਾ ਵਿੱਚ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਕੀਤੀ ਹੱਤਿਆ, ਸ਼ੱਕੀ ਗ੍ਰਿਫ਼ਤਾਰ