Zirakpur News: ਢਕੋਲੀ ਰੇਲਵੇ ਫਾਟਕ 'ਤੇ ਇੱਕ ਕਾਰ ਰੇਲਗੱਡੀ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਚਸ਼ਮਦੀਦਾਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਰੇਲਵੇ ਫਾਟਕ ਖੁੱਲ੍ਹਾ ਸੀ ਅਤੇ ਚਾਲਕ ਨੇ ਕਾਰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਦਕਿ ਲਾਲ ਸਿਗਨਲ ਦੇ ਬਾਵਜੂਦ ਅੰਬਾਲਾ ਤੋਂ ਚੰਡੀਗੜ੍ਹ ਜਾ ਰਹੀ ਇੱਕ ਰੇਲਗੱਡੀ ਦੇ ਇੰਜਣ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇੰਜਣ ਦੀ ਰਫ਼ਤਾਰ ਘੱਟ ਹੋਣ ਕਾਰਨ ਕਾਰ ਦਾ ਪਿਛਲਾ ਹਿੱਸਾ ਹੀ ਨੁਕਸਾਨਿਆ ਗਿਆ। ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਕਾਰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਹਾਦਸੇ ਵਕਤ ਚਸ਼ਮਦੀਦਾਂ ਨੇ ਦੱਸਿਆ ਕਿ ਰੇਲਵੇ ਕਰਾਸਿੰਗ ਵਾਲਾ ਫਾਟਕ ਖੁੱਲ੍ਹਾ ਸੀ ਅਤੇ ਰਾਹਗੀਰ ਆਪਣੀ ਗੱਡੀਆਂ ਕੱਢ ਰਹੇ ਸੀ। ਇਸ ਦੌਰਾਨ ਫਾਟਕ ਬੰਦ ਹੋਣ ਲੱਗਿਆ ਅਤੇ ਮੌਕੇ ਉਤੇ ਕਾਰ ਫਾਟਕਾਂ ਵਿੱਚ ਵਿਚਾਲੇ ਫਸ ਗਈ। ਲੋਕਾਂ ਦਾ ਹਾਦਸੇ ਤੋਂ ਬਾਅਦ ਰੇਲਵੇ ਕਰਾਸਿੰਗ ਗੇਟਮੈਨ ਉਤੇ ਗੁੱਸਾ ਫੁੱਟਿਆ।
ਉਨ੍ਹਾਂ ਨੇ ਕਿਹਾ ਕਿ ਇਹ ਵੱਡੀ ਲਾਪਰਵਾਹੀ ਹੈ ਤੇ ਲੋਕਾਂ ਦੀ ਜਾਨ ਨੂੰ ਖਤਰਾ ਵੀ ਪੈਦਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਢਕੌਲੀ ਰੇਲਵੇ ਫਾਟਕ ਉਤੇ ਇਕ ਦਿਨ ਵਿੱਚ 45 ਤੋਂ 50 ਰੇਲ ਗੱਡੀਆਂ ਕਰਾਸ ਹੁੰਦੀਆਂ ਹਨ ਅਤੇ ਇਸ ਫਾਟਕ ਉਤੇ ਅਕਸਰ ਹੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਗਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਲਾਪਰਵਾਹੀ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ।
ਇਸ ਹਾਦਸੇ ਕਾਰਨ ਸਥਾਨਕ ਲੋਕਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ ਜਦਕਿ ਰੇਲਵੇ ਅਧਿਕਾਰੀ ਮੌਕੇ ਉਤੇ ਪਹੁੰਚ ਘਟਨਾ ਦੀ ਜਾਂਚ ਕਰ ਰਹੇ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਰੇਲਵੇ ਫਾਟਕ ਖੁੱਲ੍ਹਾ ਹੋਣ ਕਰਕੇ ਕਾਰ ਚਾਲਕ ਰੇਲਵੇ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਰੇਲਗੱਡੀ ਆ ਗਈ, ਜਿਸ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਰੇਲਵੇ ਅਧਿਕਾਰੀ ਹੁਣ ਇਹ ਜਾਂਚ ਕਰ ਰਹੇ ਹਨ ਕਿ ਘਟਨਾ ਦੇ ਸਮੇਂ ਫਾਟਕ ਬੰਦ ਕਿਉਂ ਨਹੀਂ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਟੱਕਰ ਦੇ ਕਾਰਨ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾਵੇਗੀ।
ਇਹ ਘਟਨਾ ਡਰਾਈਵਰਾਂ ਨੂੰ ਰੇਲਵੇ ਕਰਾਸਿੰਗਾਂ ਦੇ ਨੇੜੇ ਆਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਹਮੇਸ਼ਾ ਸਿਗਨਲ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਯਾਦ ਦਿਵਾਉਂਦੀ ਹੈ। ਅੰਬਾਲਾ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀ ਨਵੀਨ ਕੁਮਾਰ ਨੇ ਕਿਹਾ ਕਿ ਲੋਕੋਮੋਟਿਵ ਡਰਾਈਵਰ ਨੇ ਬ੍ਰੇਕ ਨਹੀਂ ਲਗਾਈ। ਅਸੀਂ ਆਪਣੀ ਸੁਰੱਖਿਆ ਟੀਮ ਭੇਜ ਰਹੇ ਹਾਂ। ਇੰਜਣ ਨੂੰ ਅਗਲੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ ਅਤੇ ਡਰਾਈਵਰ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਸੀ।
ਇਸ ਲਈ ਡਰਾਈਵਰ ਦੇ ਖੂਨ ਦੇ ਨਮੂਨੇ ਲਏ ਜਾਣਗੇ। ਇਹ ਸਾਡੇ ਵਿਭਾਗ ਦਾ ਪ੍ਰੋਟੋਕੋਲ ਹੈ। ਅਸੀਂ ਡਰਾਈਵਰ ਨੂੰ ਟ੍ਰੇਨ ਤੋਂ ਉਤਾਰਨ ਤੋਂ ਬਾਅਦ ਮੁਅੱਤਲ ਕਰ ਦਿੱਤਾ ਹੈ। ਸੁਰੱਖਿਆ ਟੀਮ ਦੇ ਨਾਲ, ਆਰਪੀਐਫ ਟੀਮ ਵੀ ਜਾਂਚ ਲਈ ਪਹੁੰਚ ਰਹੀ ਹੈ। ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।