Bathinda News: ਬਠਿੰਡਾ ਦੇ ਜੁਝਾਰ ਸਿੰਘ ਨਗਰ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਸਕੇ ਭਰਾਵਾਂ ਨੇ ਘਰ ਦੇ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਿਕ, ਦੋਹਾਂ ਭਰਾਵਾਂ ਵਿੱਚੋਂ ਇੱਕ ਬਠਿੰਡਾ ਇੰਪਰੂਵਮੈਂਟ ਟਰਸਟ ਵਿੱਚ ਅਕਾਊਂਟੈਂਟ ਵਜੋਂ ਨੌਕਰੀ ਕਰਦਾ ਸੀ, ਜਦਕਿ ਦੂਜਾ ਭਰਾ ਬੇਰੁਜ਼ਗਾਰ ਸੀ ਅਤੇ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ, ਜਿਸ ਕਾਰਨ ਇਹ ਦੋਹਾਂ ਹੀ ਘਰ ਵਿੱਚ ਇਕੱਲੇ ਰਹਿੰਦੇ ਸਨ।
ਮੌਕੇ 'ਤੇ ਪਹੁੰਚੇ ਡੀਐਸਪੀ ਸਰਬਜੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ, "ਸਾਨੂੰ ਇਲਾਕਾ ਵਾਸੀਆਂ ਵੱਲੋਂ ਜਾਣਕਾਰੀ ਮਿਲੀ ਸੀ ਕਿ ਇਨ੍ਹਾਂ ਦੇ ਘਰ 'ਚ ਪਿਛਲੇ ਦੋ ਦਿਨਾਂ ਤੋਂ ਕੋਈ ਹਿਲਚਲ ਨਹੀਂ ਹੋਈ। ਜਾਂਚ ਦੌਰਾਨ ਘਰ ਦੇ ਅੰਦਰੋਂ ਦੋ ਲਾਸ਼ਾਂ ਬਰਾਮਦ ਹੋਈਆਂ ਜੋ ਕਈ ਦਿਨਾਂ ਪੁਰਾਣੀਆਂ ਲੱਗਦੀਆਂ ਹਨ ਕਿਉਂਕਿ ਉਨ੍ਹਾਂ ਵਿੱਚੋਂ ਤੀਖੀ ਬਦਬੂ ਆ ਰਹੀ ਸੀ।"
ਫ਼ੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਲਾਕਾ ਕੌਂਸਲਰ ਨੇ ਵੀ ਪੁਸ਼ਟੀ ਕੀਤੀ ਕਿ ਘਰ ਵਿੱਚ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਦੋਨੋਂ ਭਰਾ ਹੀ ਰਹਿੰਦੇ ਸਨ ਅਤੇ ਉਹਨਾਂ ਦੀ ਹਾਲਤ ਲੰਮੇ ਸਮੇਂ ਤੋਂ ਠੀਕ ਨਹੀਂ ਸੀ।