Kharar News: ਖਰੜ ਦੇ ਵਾਲਟ ਹੋਮਜ਼ ਵਿਚ ਰਹਿ ਰਹੇ ਦੋ ਨੌਜਵਾਨ ਭੈਣ-ਭਰਾ, 18 ਸਾਲ ਦੀ ਸਿਮੋਨ ਵਰਮਾ ਅਤੇ 16 ਸਾਲ ਦਾ ਆਰਯਨ ਵਰਮਾ, ਮਾਪਿਆਂ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ਅਤੇ ਵਿੱਤੀ ਤੰਗੀ ਨਾਲ ਜੂਝ ਰਹੇ ਹਨ। ਹੁਣ ਉਨ੍ਹਾਂ ਕੋਲੋਂ ਉਨ੍ਹਾਂ ਦਾ ਇਕੋ ਇਕ ਆਸਰੇ ਵਾਲਾ ਘਰ ਵੀ ਖੁੱਸਣ ਵਾਲਾ ਹੈ, ਦੋਵੇਂ ਨੌਜਵਾਨ ਭੈਣ-ਭਰਾ ਆਪਣੇ ਦੁਖੀ ਮਨ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰ ਰਹੇ ਹਨ।
ਸਿਮੋਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੌਰਵ ਵਰਮਾ ਨੇ 2018 ਵਿੱਚ ਟਾਟਾ ਕੈਪੀਟਲ ਹਾਊਸਿੰਗ ਫਾਇਨੈਂਸ ਲਿਮਿਟਡ ਤੋਂ 20,31,000 ਦਾ ਹੋਮ ਲੋਨ ਲਿਆ ਸੀ, ਜਿਸ ਦੀ ਕਿਸ਼ਤ ਮਾਪਿਆਂ ਦੇ ਦੇਹਾਂਤ ਤੋਂ ਬਾਅਦ ਭਰਨੀ ਮੁਸ਼ਕਿਲ ਹੋ ਗਈ। 3 ਮਾਰਚ 2023 ਨੂੰ ਪਿਤਾ ਦੀ ਲਿਵਰ ਦੀ ਬੀਮਾਰੀ ਕਾਰਨ ਮੌਤ ਹੋਈ, ਅਤੇ 13 ਸਤੰਬਰ 2024 ਨੂੰ ਮਾਂ ਦੀ ਵੀ ਪੀਜੀਆਈ ਚੰਡੀਗੜ੍ਹ 'ਚ ਇਲਾਜ ਦੌਰਾਨ ਮੌਤ ਹੋ ਗਈ।
ਹੁਣ ਸਿਮੋਨ, ਆਰਯਨ ਅਤੇ ਉਨ੍ਹਾਂ ਦੀ ਬੁਜ਼ੁਰਗ ਦਾਦੀ ਸੰਤੋਸ਼ ਰਾਣੀ ਘਰ ਵਿੱਚ ਬਿਨਾਂ ਕਿਸੇ ਆਮਦਨ ਸਾਧਨ ਦੇ ਜੀਵਨ ਗੁਜ਼ਾਰ ਰਹੇ ਹਨ। ਸਿਮੋਨ ਖੁਦ ਵੀ ਬੀਮਾਰ ਹੈ ਤੇ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਮਰੀਜ਼ ਹੈ।
ਬੈਂਕ ਵੱਲੋਂ ਨੋਟਿਸ, 26 ਮਈ ਤੱਕ ਘਰ ਖਾਲੀ ਕਰਨ ਦਾ ਹੁਕਮ
ਬਿਨਾਂ ਕਿਸ਼ਤ ਭਰਣ ਦੇ ਬੈਂਕ ਵੱਲੋਂ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ 26 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੂੰ ਘਰ ਨਿਲਾਮੀ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਸਾਥ ਜਾਂ ਆਮਦਨ ਨਹੀਂ, ਤੇ ਰਿਸ਼ਤੇਦਾਰ ਵੀ ਮੂੰਹ ਮੋੜ ਚੁੱਕੇ ਹਨ।
ਬੀਮਾ ਵੀ ਲੈਪਸ, ਮਦਦ ਦੀ ਲੋੜ
ਸਿਮੋਨ ਨੇ ਦੱਸਿਆ ਕਿ ਲੋਨ ਲੈਂਦੇ ਸਮੇਂ ਪਿਤਾ ਨੇ ਜੀਵਨ ਬੀਮਾ ਵੀ ਲਿਆ ਸੀ, ਪਰ ਮੌਤ ਤੋਂ ਕੁਝ ਦਿਨ ਪਹਿਲਾਂ ਉਹ ਲੈਪਸ ਹੋ ਗਿਆ, ਜਿਸ ਕਰਕੇ ਉਨ੍ਹਾਂ ਨੂੰ ਬੀਮੇ ਦਾ ਲਾਭ ਵੀ ਨਹੀਂ ਮਿਲਿਆ।
ਮੁੱਖ ਮੰਤਰੀ ਕੋਲ ਅਪੀਲ
ਸਿਮੋਨ, ਆਰਯਨ ਅਤੇ ਉਨ੍ਹਾਂ ਦੀ ਦਾਦੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਸਰਕਾਰੀ ਪੈਨਸ਼ਨ, ਸਿਹਤ ਇਲਾਜ, ਸਿੱਖਿਆ ਅਤੇ ਰਿਹਾਇਸ਼ ਦੀ ਸਹਾਇਤਾ ਦਿੱਤੀ ਜਾਵੇ। ਨਾਲ ਹੀ ਬੈਂਕ ਨੂੰ ਘਰ ਦੀ ਨਿਲਾਮੀ ਰੋਕਣ ਦੇ ਨਿਰਦੇਸ਼ ਦਿੱਤੇ ਜਾਣ।