Gurdaspur News: ਜੰਮੂ ਕਸ਼ਮੀਰ ਵਿੱਚ ਲੈਂਡ ਸਲਾਈਡ ਦੀ ਚਪੇਟ ਵਿੱਚ ਆਉਣ ਦੇ ਕਰਕੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦਾ ਫੌਜੀ ਜਵਾਨ ਦਿਲਜੀਤ ਸਿੰਘ ਸ਼ਹੀਦ ਹੋ ਗਿਆ ਜੋ ਕਿ ਲੱਦਾਖ ਵਿੱਚ ਤਾਇਨਾਤ ਸੀ ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਸਵੇਰੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਤੇ ਹੌਲਦਾਰ ਦਿਲਜੀਤ ਸਿੰਘ ਫਾਇਰਿੰਗ ਰੇਂਜ ਉਤੇ ਜਾ ਰਹੇ ਸਨ।
ਇਸ ਦੌਰਾਨ ਇੱਕ ਪਹਾੜ ਖਿਸਕ ਗਿਆ ਅਤੇ ਉਨ੍ਹਾਂ ਦੀ ਗੱਡੀ ਉੱਪਰ ਜਾ ਡਿੱਗਿਆ। ਇਸ ਹਾਦਸੇ ਵਿੱਚ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਅਤੇ ਦੋਨੋਂ ਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨਾਂ ਨੇ ਦਮ ਤੋੜ ਦਿੱਤਾ।
ਇਹ ਖਬਰ ਜਦੋਂ ਪਿੰਡ ਪਹੁੰਚੀ ਤਾਂ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦਿਲਜੀਤ ਸਿੰਘ ਆਪਣਾ ਨਵਾਂ ਘਰ ਬਣਾਉਣ ਲਈ ਪਰਿਵਾਰ ਨੂੰ ਕਹਿ ਰਿਹਾ ਸੀ, ਉਸ ਨੇ ਕੁੱਝ ਦਿਨ ਪਹਿਲਾਂ ਹੀ ਘਰ ਫੋਨ ਕਰਕੇ ਕਿਹਾ ਸੀ ਕਿ ਮਿਸਤਰੀ ਲਭ ਕੇ ਰੱਖੋ ਉਹ ਜਲਦ ਛੁੱਟੀ ਲੈਕੇ ਘਰ ਆ ਰਿਹਾ ਹੈ ਪਰ ਪਰਿਵਾਰ ਨੂੰ ਉਸਦੀ ਸ਼ਹਾਦਤ ਦੀ ਖਬਰ ਮਿਲ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਦਿਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 3 ਵਜੇ ਦੇ ਕਰੀਬ ਪਠਾਨਕੋਟ ਤੋਂ ਆਏ ਫੌਜ ਦੇ ਜਵਾਨਾਂ ਨੇ ਦੱਸਿਆ ਕਿ ਹੌਲਦਾਰ ਦਿਲਜੀਤ ਸਿੰਘ ਸ਼ਹੀਦ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਲੈਂਡ ਸਲਾਈਡਿੰਗ ਦੀ ਲਪੇਟ ਵਿੱਚ ਆਉਣ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਦਿਲਜੀਤ ਸਿੰਘ ਦਾ ਘਰ ਫੋਨ ਆਇਆ ਸੀ ਅਤੇ ਉਸ ਨੇ ਮਾਤਾ ਪਿਤਾ ਨੂੰ ਕਿਹਾ ਸੀ ਕਿ ਉਹ ਛੁੱਟੀ ਆ ਕੇ ਆਪਣਾ ਨਵਾਂ ਘਰ ਬਣਾਵੇਗਾ ਇਸ ਲਈ ਮਿਸਤਰੀ ਲੱਭ ਕੇ ਰੱਖਣ। ਉਨ੍ਹਾਂ ਨੇ ਕਿਹਾ ਕਿ ਮਿਸਤਰੀ ਨਾਲ ਵੀ ਸਾਰੀ ਗੱਲਬਾਤ ਹੋ ਚੁੱਕੀ ਸੀ।
ਛੁੱਟੀ ਆਉਂਦੇ ਸਾਰ ਹੀ ਉਸਨੇ ਆਪਣਾ ਨਵਾਂ ਘਰ ਸ਼ੁਰੂ ਕਰਨਾ ਸੀ। ਪਰ ਇਸ ਤੋਂ ਪਹਿਲਾਂ ਹੀ ਉਸਦੀ ਸ਼ਹਾਦਤ ਦੀ ਖਬਰ ਸਾਹਮਣੇ ਆ ਗਈ ਜਿਸ ਦੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵੀ ਸਦਮੇ ਵਿੱਚ ਹੈ ਅੱਜ ਬਾਅਦ ਦੁਪਹਿਰ ਸਰਕਾਰੀ ਸਨਮਾਨਾਂ ਦੇ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ਉਤੇ ਦੁੱਖ ਜ਼ਾਹਿਰ ਕੀਤਾ ਹੈ ਤੇ ਪਰਿਵਾਰ ਦਾ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਲੱਦਾਖ ਦੀ ਗਲਵਾਨ ਘਾਟੀ ਵਿਖੇ ਹੋਈ ਲੈਂਡਸਲਾਇਡਿੰਗ 'ਚ ਪਠਾਨਕੋਟ ਦੇ ਜਵਾਨ ਭਾਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਦਲਜੀਤ ਸਿੰਘ ਦੇ ਸ਼ਹੀਦ ਹੋਣ ਅਤੇ 3 ਹੋਰ ਜਵਾਨਾਂ ਦੇ ਜਖ਼ਮੀ ਹੋਣ ਦੀ ਦੁਖਦਾਈ ਖ਼ਬਰ ਮਿਲੀ। ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਅਤੇ ਜ਼ਖ਼ਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ। ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।