Ludhiana News: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਪੰਜਾਬ ਅੰਦਰ ਧਰਮ ਪਰਿਵਰਤਨ ਨੂੰ ਲੈ ਕੇ ਤਿੱਖਾ ਰੋਸ ਜ਼ਾਹਿਰ ਕਰਦਿਆਂ ਇਸ ਮਾਮਲੇ ਉਤੇ ਸੂਬਾ ਸਰਕਾਰ ਦੀ ਚੁੱਪੀ ਉੱਪਰ ਸਵਾਲ ਖੜ੍ਹੇ ਕੀਤੇ। ਜਿਨ੍ਹਾਂ ਨੇ ਇਸ ਸਬੰਧ ਵਿੱਚ ਕਾਨੂੰਨ ਲਿਆਏ ਜਾਣ ਦੀ ਜ਼ਰੂਰਤ ਉੱਪਰ ਵੀ ਜ਼ੋਰ ਦਿੱਤਾ ਹੈ। ਲੁਧਿਆਣਾ ਫੇਰੀ ਦੇ ਆਖਰੀ ਦਿਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਜਾਣਾ ਛੱਡ ਗਏ ਹਨ।
ਇਸ ਦਾ ਵੱਡਾ ਕਾਰਨ ਲੋਕਾਂ ਦਾ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਹੈ। ਇਸ ਦੌਰਾਨ ਉਨ੍ਹਾਂ ਨੇ ਬੀਤੇ ਦਿਨ ਲੁਧਿਆਣਾ ਵਿੱਚ ਹੋਲੀ ਵਾਲੇ ਦਿਨ ਦੋ ਧਿਰਾਂ ਵਿੱਚ ਹੋਏ ਟਕਰਾਅ ਨੂੰ ਲੈ ਕੇ ਵੀ ਸੂਬਾ ਸਰਕਾਰ ਉੱਪਰ ਇੱਕ ਖਾਸ ਧਰਮ ਦੀ ਹਮਾਇਤ ਕਰਨ ਦਾ ਦੋਸ਼ ਲਗਾਇਆ। ਗਿਰੀਰਾਜ ਸਿੰਘ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਵੱਲੋਂ ਸਹਿਯੋਗ ਨਾ ਦੇਣ ਕਰਕੇ ਇਥੋਂ ਦੀ ਟੈਕਸਟਾਈਲ ਇੰਡਸਟਰੀ ਮਾੜੇ ਹਾਲਾਤ ਦਾ ਸਾਹਮਣਾ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨਾਲ ਲੋਕਾਂ ਨੂੰ ਮਿਲ ਰਹੇ ਲਾਹੇ ਦਾ ਜ਼ਿਕਰ ਵੀ ਕੀਤਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਮੁਹੱਲਾ ਕਲੀਨਿਕ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਪੰਜਾਬ ਦਾ ਸਿਹਤ ਮਾਡਲ ਅਤੇ ਸਿੱਖਿਆ ਮਾਡਲ ਫੇਲ੍ਹ ਸਾਬਤ ਹੋਇਆ ਹੈ। ਗਿਰੀਰਾਜ ਨੇ ਦੱਸਿਆ ਕਿ ਇੰਡਸਟਰੀ ਦੇ ਕੁਝ ਲੋਕ ਉਨ੍ਹਾਂ ਨੂੰ ਮਿਲਣ ਆਏ ਸਨ। ਸਨਅਤਕਾਰ ਕਹਿ ਰਹੇ ਹਨ ਕਿ ਮੁੱਖ ਮੰਤਰੀ ਕਿਸੇ ਨੂੰ ਨਹੀਂ ਮਿਲਦੇ।
ਗਿਰੀਰਾਜ ਨੇ ਕਿਹਾ ਕਿ ਉਹ ਯਕੀਨੀ ਤੌਰ 'ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਜਾਂ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦਾ ਸਹੀ ਢੰਗ ਨਾਲ ਹੱਲ ਕੀਤਾ ਜਾ ਸਕੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸੂਬੇ ਭਰ ਵਿੱਚ ਝੰਡਾ ਲਹਿਰਾਏਗੀ। ਭਾਜਪਾ ਨੇ ਹਮੇਸ਼ਾ ਲੋਕਾਂ ਦੇ ਹਿੱਤ ਵਿੱਚ ਕੰਮ ਕੀਤਾ ਹੈ। ਅੱਜ ਦਿੱਲੀ ਦੇ ਲੋਕ ਭਾਜਪਾ ਦੇ ਰਾਜ ਤੋਂ ਖੁਸ਼ ਹਨ। ਹੁਣ ਅਗਲੀ ਵਾਰੀ ਪੰਜਾਬ ਦੀ ਹੈ।