Punjab News: ਪੰਜਾਬ ਵਿਧਾਨ ਸਭਾ ਵਿੱਚ LOP ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ ਮਾਡਲ ਬਾਰੇ ਦਿੱਤੇ ਗਏ ਬਿਆਨ ਕਾਰਨ ਸਦਨ ਵਿੱਚ ਮਾਹੌਲ ਫਿਰ ਗਰਮਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਬਾਜਵਾ ਤੋਂ ਆਪਣੇ ਬਿਆਨ ਲਈ ਮੁਆਫੀ ਮੰਗਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਇਹ ਬਿਆਨ ਸਮੁੱਚੀ ਕਾਂਗਰਸ ਦਾ ਹੈ ਜਾਂ ਕੇਵਲ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਵਿਚਾਰ ਹਨ? ‘ਆਪ’ ਵਿਧਾਇਕਾਂ ਨੇ ਇਸ ਬਿਆਨ ਖ਼ਿਲਾਫ਼ ਨਿੰਦਾ ਮਤਾ ਪੇਸ਼ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਨਿੰਦਾ ਮਤਾ ਪੇਸ਼ ਕੀਤਾ। ਹੱਥ ਖੜ੍ਹੇ ਕਰਕੇ ਵੋਟਿੰਗ ਹੋਈ ਤੇ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ। ਇਸ ਮੌਕੇ ਕਾਂਗਰਸੀ ਮੈਂਬਰਾਂ ਵੱਲੋਂ ਸਦਨ ਵਿੱਚ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਅਤੇ ਵਾਕ ਆਊਟ ਕਰ ਦਿੱਤਾ ਗਿਆ।
ਦੱਸਦਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਹੋਇਆਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਉੱਤੇ ਤੰਜ ਕੱਸਿਆ ਅਤੇ ਕਿਹਾ ਕਿ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੀ ਸਾਫ਼ ਸਫ਼ਾਈ ਲਈ ਪੰਜਾਬ ਸਰਕਾਰ ਨੂੰ ਥਾਪਰ ਮਾਡਲ ਨੂੰ ਅਪਣਾਉਣ ਦੀ ਲੋੜ ਹੈ ਜਾਂ ਫਿਰ PEC (ਪੇਕ) ਰਾਹੀਂ ਨਵੀਂ ਪ੍ਰਣਾਲੀ ਨਾਲ ਕਾਰਜ ਕਰਨ ਦੀ ਜ਼ਰੂਰਤ ਹੈ। ਇਹ ਛੱਪੜਾਂ ਦੀ ਸਫ਼ਾਈ ਕਰਨ ਲਈ ਸੀਚੇਵਾਲ ਮਾਡਲ ਅਪਣਾ ਰਹੇ ਹਨ, ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹਨ। ਇੱਥੇ ਤੱਕ ਕੀ ਬਾਜਵਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਠੇਕੇਦਾਰ ਤੱਕ ਕਹਿ ਦਿੱਤਾ ਸੀ। ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਮਹੌਲ ਕਾਫੀ ਜ਼ਿਆਦਾ ਗਰਮਾ ਗਿਆ ਸੀ। ਸੱਤਾ ਧਿਰ ਵੱਲੋਂ ਬੀਤੇ ਦਿਨ ਹੀ ਬਾਜਵਾ ਨੂੰ ਆਪਣੇ ਵੱਲੋਂ ਦਿੱਤੇ ਇਸ ਬਿਆਨ ਉੱਤੇ ਮੁਆਫੀ ਮੰਗਣ ਬਾਰੇ ਵੀ ਆਖਿਆ ਗਿਆ ਸੀ।
ਬਾਜਵਾ ਦੇ ਇਸ ਬਿਆਨ ਤੋਂ ਬਾਅਦ ਖੁੱਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਾਜਵਾ ਨੂੰ ਮੋੜਵਾ ਜਵਾਬ ਦਿੱਤਾ ਗਿਆ ਸੀ, ਉਨ੍ਹਾਂ ਨੇ ਕਿਹਾ ਕਿ, 'ਕਾਂਗਰਸ ਨੂੰ ਸੀਚੇਵਾਲ ਤੋਂ ਐਲਰਜੀ ਹੈ। ਥਾਪਰ ਯੂਨੀਵਰਸਿਟੀ ਦੀ ਟੀਮ ਲਿਖਵਾ ਲੈ ਕੇ ਗਈ ਸੀ ਕਿ ਅਸੀਂ ਸੀਚੇਵਾਲ ਮਾਡਲ ਦੀ ਕਾਪੀ ਕਰ ਲਈਏ। ਮੁੱਦਾ ਪੰਜਾਬ ਦੇ ਪਾਣੀਆਂ ਦਾ ਹੈ ਪੰਜਾਬ ਦਾ ਪਾਣੀ ਸਾਫ ਹੋਣਾ ਚਾਹੀਦਾ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਹੈ,ਸੰਤ ਸੀਚੇਵਾਲ ਨੇ ਕਿਹਾ ਕਿ ਬਾਜਵਾ ਦੱਸ ਦੇਣ ਕਿ ਇਨ੍ਹਾਂ ਦੇ ਕੋਲ ਕਿਹੜਾ ਮਾਡਲ ਹੈ। ਅਸੀਂ 1999 ਤੋਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾ ਕੇ ਪਾਣੀ ਟਰੀਟ ਕਰਕੇ ਖੇਤਾਂ ਨੂੰ ਲਗਾ ਰਹੇ ਹਾਂ। ਸਾਡੇ ਪਿੰਡ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਲੋਕ ਇਸ ਪ੍ਰੋਜੈਕਟ ਨੂੰ ਦੇਖਣ ਆਉਂਦੇ ਹਨ ਅਤੇ ਇਸ ਨੂੰ ਲਾਗੂ ਵੀ ਕਰਦੇ ਹਨ। ਨਮਾਮੇ ਗੰਗਾ ਪ੍ਰੋਜੈਕਟ ਅਧੀਨ ਵੀ ਸੀਚੇਵਾਲ ਮਾਡਲ ਨੂੰ ਪ੍ਰਮਾਣਿਤ ਕੀਤਾ ਗਿਆ ਅਤੇ ਪਿੰਡਾਂ ਦੇ ਵਿੱਚੋਂ ਸੀਚੇਵਾਲ ਮਾਡਲ ਸ਼ੁਰੂ ਕਰਵਾਇਆ।'