Home >>Punjab

Punjab Vigilance News: ਵਿਜੀਲੈਂਸ ਨੇ ਪਰਲਜ਼ ਘੁਟਾਲੇ ਵਿੱਚ ਬੇਲਾ ਵਿਸਟਾ ਦਾ ਡਿਵੈਲਪਰ ਪ੍ਰਸ਼ਾਂਤ ਮੰਜਰੇਕਰ ਨੂੰ ਕੀਤਾ ਗ੍ਰਿਫ਼ਤਾਰ

Punjab Vigilance News:​ ਮੁਲਜ਼ਮ ਡਿਵੈਲਪਰਾਂ ਨੇ ਦੋਵਾਂ ਕਲੋਨੀਆਂ ਵਿੱਚ ਲੋਕਾਂ ਨੂੰ ਪਲਾਟ/ਮਕਾਨ ਵੇਚ ਕੇ ਮੋਟਾ ਪੈਸਾ ਕਮਾਇਆ ਜਿਸ ਕਰਕੇ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਕੱਦਮੇ ਵਿੱਚ ਇਨ੍ਹਾਂ ਕੰਪਨੀਆਂ ਦੇ ਪ੍ਰਮੋਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

Advertisement
Punjab Vigilance News: ਵਿਜੀਲੈਂਸ ਨੇ ਪਰਲਜ਼ ਘੁਟਾਲੇ ਵਿੱਚ ਬੇਲਾ ਵਿਸਟਾ ਦਾ ਡਿਵੈਲਪਰ ਪ੍ਰਸ਼ਾਂਤ ਮੰਜਰੇਕਰ ਨੂੰ ਕੀਤਾ ਗ੍ਰਿਫ਼ਤਾਰ
Manpreet Singh|Updated: Jul 19, 2024, 07:35 PM IST
Share

Punjab Vigilance News: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਇਮੀਗ੍ਰੇਸ਼ਨ ਟੀਮ ਦੇ ਸਹਿਯੋਗ ਨਾਲ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਿਟੇਡ (ਪੀ.ਏ.ਸੀ.ਐਲ.) ਮੁਕੱਦਮੇ ਵਿੱਚ ਸਨਰੰਜੀਵਨ ਇਨਫਰਾਸਟ੍ਰਕਚਰ ਐਂਡ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਦੇ ਲੋੜੀਂਦੇ ਭਗੌੜੇ ਮੁਲਜ਼ਮ ਡਾਇਰੈਕਟਰ ਪ੍ਰਸ਼ਾਂਤ ਮੰਜਰੇਕਰ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮੁਲਜ਼ਮ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੰਬਈ ਹਵਾਈ ਅੱਡੇ ਤੋਂ ਦੁਬਈ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ, ਪਿੰਡ ਘੋਲੂਮਾਜਰਾ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਪੀ.ਏ.ਸੀ.ਐਲ. ਲਿਮਟਿਡ ਦੀਆਂ ਜਾਇਦਾਦਾਂ ਦੀ ਗੈਰ-ਕਾਨੂੰਨੀ ਵਿਕਰੀ ਵਿੱਚ ਸ਼ਮੂਲੀਅਤ ਸਬੰਧੀ ਥਾਣਾ ਸਦਰ ਸਿਟੀ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਐਫ.ਆਈ.ਆਰ. ਨੰਬਰ 79 ਮਿਤੀ 16-07-2020 ਨੂੰ ਆਈ.ਪੀ.ਸੀ. ਦੀ ਧਾਰਾ 406, 420, 467, 468, 471 ਅਤੇ 120-ਬੀ ਤਹਿਤ ਦਰਜ ਮੁਕੱਦਮੇ ਵਿੱਚ ਲੋੜੀਂਦਾ ਸੀ। ਮੁਲਜ਼ਮ ਇਸ ਗੱਲ ਤੋਂ ਜਾਣੂ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਪੀ.ਏ.ਸੀ.ਐਲ. ਲਿਮਟਿਡ ਨੂੰ ਪਿੰਡ ਘੋਲੂਮਾਜਰਾ ਅਤੇ ਹੋਰ ਥਾਵਾਂ ਉਤੇ ਪੀਏਸੀਐਲ ਕੰਪਨੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਜਾਇਦਾਦਾਂ ਨੂੰ ਵੇਚਣ ਅਦਿ ‘ਤੇ ਰੋਕ ਲਗਾਈ ਹੋਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਫੀਨੋਮੀਨਲ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਨਰੰਜੀਵਨ ਇਨਫਰਾਸਟਰੱਕਚਰ ਐਂਡ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ/ਪ੍ਰਮੋਟਰਾਂ ਨੇ ਹੋਰਨਾਂ ਦੀ ਮਿਲੀਭੁਗਤ ਨਾਲ ਸਾਲ 2018-19 ਵਿੱਚ ਪਿੰਡ ਘੋਲੂਮਾਜਰਾ ਵਿਖੇ ਪੀ.ਏ.ਸੀ.ਐਲ. ਦੀ  ਅਦਾਲਤ ਵੱਲੋਂ ਵਿਵਾਦਿਤ ਕਰਾਰ ਦਿੱਤੀ 115 ਵਿੱਘੇ ਜ਼ਮੀਨ ‘ਤੇ ਬੇਲਾ ਵਿਸਟਾ-01 ਅਤੇ ਬੇਲਾ ਵਿਸਟਾ-02 ਨਾਮਕ ਦੋ ਕਲੋਨੀਆਂ ਤਿਆਰ ਕੀਤੀਆਂ ਸਨ। ਮੁਲਜ਼ਮ ਡਿਵੈਲਪਰਾਂ ਨੇ ਦੋਵਾਂ ਕਲੋਨੀਆਂ ਵਿੱਚ ਲੋਕਾਂ ਨੂੰ ਪਲਾਟ/ਮਕਾਨ ਵੇਚ ਕੇ ਮੋਟਾ ਪੈਸਾ ਕਮਾਇਆ ਜਿਸ ਕਰਕੇ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਕੱਦਮੇ ਵਿੱਚ ਇਨ੍ਹਾਂ ਕੰਪਨੀਆਂ ਦੇ ਪ੍ਰਮੋਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੀ.ਏ.ਸੀ.ਐਲ. ਲਿਮਟਿਡ ਦੀਆਂ ਜਾਇਦਾਦਾਂ ਨੂੰ ਵੇਚਣ ਅਤੇ ਇਸ ਵਿਕਰੀ ਨਾਲ ਇਕੱਤਰ ਕੀਤੀ ਰਾਸ਼ੀ ਇਸ ਕੰਪਨੀ ਵੱਲੋਂ ਪੇਸ਼ ਕੀਤੀ ਸਮੂਹਿਕ ਨਿਵੇਸ਼ ਯੋਜਨਾ ਵਿੱਚ ਆਪਣੀ ਮਿਹਨਤ ਦੀ ਕਮਾਈ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਵਾਪਸ ਕਰਨ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ। 

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਲੈ ਲਿਆ ਗਿਆ ਹੈ ਅਤੇ ਉਸ ਨੂੰ ਪੰਜਾਬ ਦੀ ਸਬੰਧਤ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Read More
{}{}