Bathinda News(ਕੁਲਬੀਰ ਬੀਰਾ ): ਭਾਰਤ ਬਰਾਂਡ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਘੱਟ ਰੇਟ ਵਿੱਚ ਦਿੱਤੇ ਜਾਣ ਵਾਲੇ ਚਾਵਲਾ ਨੂੰ ਸਿੱਧੇ ਤੌਰ 'ਤੇ ਸ਼ੈਲਰਾਂ ਵਿੱਚ ਵੇਚਣ ਜਾ ਰਹੀ ਟੈਂਡਰਕਾਰ ਜੈ ਜਨੋਦਰ ਫਰਮ 'ਤੇ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ ਕਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਬਠਿੰਡਾ ਵੱਲੋਂ ਇਸ ਵੱਡੇ ਘਪਲੇ ਦਾ ਪਰਦਾਫਾਸ਼ ਕਰਦੇ ਹੋਏ ਗੋਪਾਲ ਗੋਇਲ ਮਾਲਕ ਸਿਵ ਸ਼ਕਤੀ, ਰਾਇਸ ਮਿੱਲ, ਗੜਸ਼ੰਕਰ, ਜਿਲ੍ਹਾ ਹੁਸ਼ਿਆਰਪੁਰ, ਟਰੱਕ ਡਰਾਇਵਰ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੌਕਾ ਤੋਂ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਭਾਰਤ ਬਰਾਂਡ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਅਧੀਨ ਨੈਸ਼ਨਲ ਕੈਪਅਪਰੇਟਿ ਕਨਜਿਊਮਰ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੀ ਮੰਡੀਆ ਵਿੱਚ 70,000 ਮੀਟ੍ਰਿਕ ਟਨ ਚਾਵਲ ਦੀ ਵੰਡ ਆਮ ਗਰੀਬ ਲੋਕਾਂ ਨੂੰ ਕਰਨੀ ਸੀ। ਜਿਸ ਦੀ ਕੁੱਲ ਕੀਮਤ ਕਰੀਬ 130 ਕੋਰੜ ਰੁਪਏ ਬਣਦੀ ਹੈ।
ਜਿਸ ਵਿੱਚੋਂ ਉਕਤ ਯੋਜਨਾ ਅਧੀਨ 1000 ਮੀਟ੍ਰਿਕ ਟਨ ਚਾਵਲ 18.50/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣ ਉਪਰੰਤ 5 ਕਿਲੋ ਅਤੇ 10 ਕਿਲੋ ਦੇ ਬੈਗਾਂ ਵਿੱਚ ਭਰਾਈ ਕਰਕੇ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਮ ਗਰੀਬ ਲੋਕਾਂ ਨੂੰ ਸਪਲਾਈ ਕਰਨ ਸਬੰਧੀ ਟੈਂਡਰ ਜੈ ਜਨੋਦਰ ਫਰਮ ਨੂੰ ਮਿਲਿਆ ਸੀ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਟੈਂਡਰਕਾਰ ਜੈ ਜਨੇਦਰ ਫਰਮ ਹਮਜਾਪੁਰ ਵੱਲੋ ਸ਼ੈਲਰ ਮਾਲਕਾਂ ਨਾਲ ਮਿਲ ਕੇ 3,40,000,00/- ਰੁਪਏ ਦਾ ਚਾਵਲ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੋਸ਼ਿਸ਼ ਦੇ ਅਧੀਨ ਅੱਜ 2 ਟਰੱਕ ਜਿਨ੍ਹਾਂ ਵਿੱਚ ਇਸ ਯੋਜਨਾ ਦੇ ਤਹਿਤ 1138 ਗੱਟੇ ਚਾਵਲ ਹਨ। ਜਿਨ੍ਹਾਂ ਨੂੰ ਹਮਜਾਪੁਰ (ਫਤਿਆਬਾਦ) ਵਿਖੇ ਭੇਜਿਆ ਜਾਣਾ ਹੈ, ਇਹ ਚਾਵਲ ਫਤਿਆਬਾਦ ਨਾ ਭੇਜਕੇ ਟੈਂਡਰਕਾਰ ਫਰਮ ਨੇ ਇਨ੍ਹਾ ਚਾਵਲਾਂ ਨੂੰ ਬਿਨ੍ਹਾਂ ਸਾਫ ਸਫਾਈ ਕੀਤੇ ਅਤੇ ਬਿਨਾਂ ਬੈਗਾਂ ਵਿੱਚ ਭਰਾਈ ਕੀਤੇ ਸਿੱਧੇ ਤੌਰ 'ਤੇ ਸੈਲਰਾ ਨੂੰ ਵੇਚਕੇ ਮੋਟੀ ਰਕਮ ਹਾਸਲ ਕਰਨੀ ਹੈ। ਅਜਿਹਾ ਕਰਨ ਨਾਲ ਟੈਂਡਰਕਾਰ ਫਰਮ ਚਾਵਲਾ ਦੀ ਸਾਫ-ਸਫਾਈ ਅਤੇ ਗੱਟਿਆ ਵਿੱਚ ਭਰਾਈ ਵਾਲੀ ਰਕਮ ਤਾਂ ਬਚਾਏਗੀ ਹੀ ਇਸਤੋਂ ਇਲਾਵਾ ਇਹ ਚਾਵਲ ਸੈਲਰਾ ਨੂੰ ਮਹਿੰਗੇ ਭਾਅ 34 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਕੇ ਸਿੱਧੇ ਤੌਰ ਤੇ ਗਬਨ ਕਰਕੇ ਸਰਕਾਰ ਅਤੇ ਆਮ ਗਰੀਬ ਲੋਕਾਂ ਨੂੰ ਵੀ ਚੂਨਾ ਲਗਾਏਗੀ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਇਸ ਸੂਚਨਾ ਦੇ ਅਧਾਰ 'ਤੇ ਮੁਕੱਦਮਾ ਦਰਜ ਕਰਕੇ ਜਾਲ ਵਿਛਾਇਆ। ਟੈਂਡਰਕਾਰ ਜੈ ਜਨੇਦਰ ਫਰਮ ਵੱਲੋ ਗਲੋਬਲ ਵੇਅਰ ਹਾਊਸ (ਸੋਮਾ ਵੇਅਰ ਹਾਊਸ), ਮੌੜ ਮੰਡੀ ਵਿੱਚੋਂ 02 ਟਰੱਕਾ ਰਾਹੀ 1138 ਗੱਟੇ ਹਾਸਲ ਕਰਕੇ, ਹਰੀਸ਼ ਕੁਮਾਰ ਨਾਮ ਦੇ ਦਲਾਲ ਰਾਹੀਂ ਇਸ ਵੇਅਰ ਹਾਊਸ ਦੇ ਅਧਿਕਾਰੀ/ਕਰਮਚਾਰੀ/ਕਸਟੋਡੀਅਨ, ਫੂਡ ਸਪਲਾਈ ਆਫ ਇੰਡੀਆ ਦੇ ਨਾ-ਮਲੂਮ ਅਧਿਕਾਰੀ/ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਦੇ ਕਰ ਅੰਜਨੀ ਰਾਇਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ ਵਿੱਚ ਲਿਜਾ ਕੇ ਇਨ੍ਹਾ ਚਾਵਲਾ ਦੀ ਪਲਟੀ ਕਰਕੇ ਟਰੱਕਾਂ ਰਾਹੀਂ ਸਿਵ ਸ਼ਕਤੀ ਰਾਇਸ ਮਿੱਲ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ। ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦੀ ਟੀਮ ਵੱਲੋਂ ਮੌਕਾ ਪਰ ਪਹੁੰਚ ਕੇ ਛਾਪਾ ਮਾਰ ਕੇ 02 ਟਰੱਕਾਂ ਨੂੰ ਸਮੇਤ 1138 ਗੱਟੇ ਚਾਵਲ ਦੇ ਆਪਣੇ ਕਬਜਾ ਵਿੱਚ ਲਿਆ ਗਿਆ। ਵਿਜੀਲੈਂਸ ਬਿਊਰੋ ਵੱਲੋ ਤਰੁੰਤ ਇਹ ਕਾਰਵਾਈ ਕਰਕੇ ਹੋਣ ਜਾ ਰਹੇ ਇੱਕ ਕਰੋੜ 55 ਲੱਖ ਦੇ ਹੋਣ ਜਾ ਰਹੇ ਵੱਡੇ ਘਪਲੇ ਨੂੰ ਰੋਕਿਆ ਗਿਆ।