Amandeep Kaur: ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬੀਤੇ ਦਿਨੀ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਵਿਭਾਗ ਅਨੁਸਾਰ ਅਮਨਦੀਪ ਕੌਰ ਦੀ ਸਾਲ 2018 ਤੋਂ 2025 ਤੱਕ ਅਮਨਦੀਪ ਕੌਰ ਦੀ ਆਮਦਨ 1 ਕਰੋੜ 8 ਲੱਖ ਰੁਪਏ ਹੈ ਜਦੋਂ ਕਿ ਉਸ ਦਾ ਖਰਚਾ 1 ਕਰੋੜ 39 ਲੱਖ ਰੁਪਏ ਕੀਤਾ ਗਿਆ ਹੈ ਜੋ ਕਿ ਆਮਦਨ ਨਾਲੋਂ 28 ਫੀਸਦ ਵੱਧ ਹੈ।
ਅੱਜ ਵਿਜੀਲੈਂਸ ਵਿਭਾਗ ਨੇ ਉਸਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਵਿਭਾਗ ਨੇ ਅਮਨਦੀਪ ਕੌਰ ਲਈ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਕੇਵਲ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ "ਫਿਲਹਾਲ ਉਨ੍ਹਾਂ ਵੱਲੋਂ ਆਮਦਨ ਤੋਂ ਵੱਧ ਖਰਚੇ ਸਬੰਧੀ ਅਮਨਦੀਪ ਕੌਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਮਨਦੀਪ ਕੌਰ ਨੂੰ ਪਿੰਡ ਬਾਦਲ ਵਿੱਚੋਂ ਗਾਇਕਾ ਅਫਸਾਨਾ ਖਾਨ ਦੀ ਭੈਣ ਰਫਤਾਰ ਖਾਨ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਅਦਾਲਤ ਵੱਲੋਂ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਇਨ੍ਹਾਂ ਤਿੰਨ ਦਿਨਾਂ ਵਿੱਚ ਵੱਖ-ਵੱਖ ਪਹਿਲੂਆਂ ਉੱਤੇ ਅਮਨਦੀਪ ਕੌਰ ਤੋਂ ਪੁੱਛਗਿੱਛ ਕੀਤੀ ਜਾਵੇਗੀ।"”
ਦੱਸਦਈਏ ਕਿ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਤਹਿਤ ਕਾਰਵਾਈ ਕਰਦਿਆਂ, ਪੁਲਿਸ ਨੇ ਉਸ ਦੀਆਂ 1.35 ਕਰੋੜ ਰੁਪਏ ਤੋਂ ਵੱਧ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਤਹਿਤ ਦਰਜ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਹੈ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਪਰ ਮੁੱਢਲੀ ਜਾਂਚ ਵਿੱਚ ਗੰਭੀਰ ਸ਼ੱਕ ਚੁੱਕੇ ਜਾਣ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।