Vigilance Raids: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਗ੍ਰੀਨ ਐਵਨਿਊ ਦੇ ਘਰ ਵਿੱਚ ਵਿਜੀਲੈਂਸ ਨੇ ਮੁੜ ਛਾਪੇਮਾਰੀ ਕੀਤੀ ਹੈ। ਬਿਕਰਮ ਮਜੀਠੀਆ ਦੇ ਘਰ ਨੂੰ ਜਾਂਦੇ ਰਸਤਿਆਂ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। ਹਾਲਾਂਕਿ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਤੇ ਪੁਲਿਸ ਨੇ ਸਾਰੇ ਪਾਸੇ ਨਾਕੇ ਲਗਾਏ ਹੋਏ ਹਨ।
ਬਿਕਰਮ ਮਜੀਠੀਆ ਦੀ ਜਾਇਦਾਦ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਨਵੀਂ ਜਾਣਕਾਰੀ ਸਾਹਮਣੇ ਆਉਣ ਉਤੇ ਪੰਜਾਬ ਸਮੇਤ ਆਲੇ-ਦੁਆਲੇ ਦੇ ਰਾਜਾਂ ’ਚ ਪੁਲਿਸ ਵੱਲੋਂ ਫਿਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਜੀਠੀਆ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ’ਚ ਸਥਿਤ ਠਿਕਾਣਿਆਂ ’ਤੇ ਰੇਡ ਕੀਤੀ ਜਾ ਰਹੀ ਹੈ।
ਛਾਪੇਮਾਰੀ ਦੌਰਾਨ ਕਈ ਅਹਮ ਤੱਥ ਅਤੇ ਖੁਲਾਸਿਆਂ ਦੀ ਉਮੀਦ ਹੈ ਤੇ ਹੁਣ ਤੱਕ ਮਜੀਠੀਆ ਦੇ ਠਿਕਾਣਿਆਂ ਤੋਂ ਕਈ ਅਹਮ ਤੱਥ ਇਕੱਠੇ ਕੀਤੇ ਗਏ। ਬਿਕਰਮ ਮਜੀਠੀਆ ਨਾਲ ਸੰਬੰਧਤ ਵਿਜੀਲੈਂਸ ਜਾਂਚ ਤਹਿਤ ਪੰਜਾਬ ਅਤੇ ਹੋਰ ਰਾਜਾਂ ਵਿੱਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਮੋਹਾਲੀ ਕੋਰਟ ਵੱਲੋਂ ਬਿਕਰਮ ਮਜੀਠੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਵਿਜੀਲੈਂਸ ਨੇ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਘਰ ਤੋਂ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ 'ਤੇ ਆਪਣੀ ਆਮਦਨ 540 ਕਰੋੜ ਰੁਪਏ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਹੈ। ਮਜੀਠੀਆ ਇਸ ਸਮੇਂ ਨਾਭਾ ਜੇਲ੍ਹ 'ਚ ਬੰਦ ਹਨ। ਉਨ੍ਹਾਂ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਹ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਆਰੈਂਜ ਸ਼੍ਰੇਣੀ 'ਚ ਰੱਖਿਆ ਜਾਵੇ।
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਜ਼ਾਯਾਫ਼ਤਾ ਅਤੇ ਅੰਡਰ ਟ੍ਰਾਇਲ ਕੈਦੀਆਂ ਤੋਂ ਵੱਖ ਬੈਰਕ 'ਚ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਬਣੀ ਰਹੇ। ਉੱਧਰ ਬਿਕਰਮ ਸਿੰਘ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 19 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ ਅਤੇ ਇਸ ਗੱਲ ’ਤੇ ਵੀ ਸਭ ਦੀ ਨਜ਼ਰ ਰਹੇਗੀ ਕਿ 19 ਜੁਲਾਈ ਤੋਂ ਪਹਿਲਾਂ ਵਿਜੀਲੈਂਸ ਮਜੀਠੀਆ ਦਾ ਮੁੜ ਰਿਮਾਂਡ ਲੈਂਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : Samrala Clash: ਰਸਤਾ ਦੇਣ ਨੂੰ ਲੈ ਬੱਸ ਡਰਾਈਵਰ ਤੇ ਗੱਡੀ ਸਵਾਰਾਂ ਵਿਚਾਲੇ ਹੋਈ ਝੜਪ