Bikram Majithia: ਬਿਕਰਮ ਮਜੀਠੀਆ ਦੇ ਘਰ ਉਤੇ ਵਿਜੀਲੈਂਸ ਦੀ ਛਾਪੇਮਾਰੀ ਦੇ ਰੋਸ ਵਜੋਂ ਅਕਾਲੀ ਵਰਕਰਾਂ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਵਰਕਰ ਅਤੇ ਸਮਰਥਕ ਬਿਕਰਮ ਮਜੀਠੀਆ ਦੀ ਕੋਠੀ ਪਹੁੰਚ ਰਹੇ ਹਨ।
ਦੂਜੇ ਬਿਕਰਮ ਮਜੀਠੀਆ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਉਤੇ ਵੀ ਵਿਜੀਲੈਂਸ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਚੰਡੀਗੜ੍ਹ ਕੋਠੀ ਬੰਦ ਹੋਣ ਦੇ ਬਾਵਜੂਦ 20 ਜਣੇ ਕੰਧਾਂ ਟੱਪ ਕੇ ਅੰਦਰ ਗਏ ਕੀ ਇਹ ਕਾਨੂੰਨ ਹੈ। ਕਾਬਿਲੇਗੌਰ ਸੈਕਟਰ-4 ਵਿੱਚ ਸਰਕਾਰੀ ਰਿਹਾਇਸ਼ ਗਨੀਵ ਕੌਰ ਨੂੰ ਮਿਲੀ ਹੋਈ ਹੈ, ਜਿਥੇ ਛਾਪੇਮਾਰੀ ਚੱਲ ਰਹੀ ਹੈ।
ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਨੌਂ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਵਿੱਚ ਬਿਕਰਮ ਮਜੀਠੀਆ ਦਾ ਘਰ ਵੀ ਸ਼ਾਮਲ ਹੈ। ਪੰਜਾਬ ਭਰ ਵਿੱਚ 25 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਵਿਜੀਲੈਂਸ ਅਧਿਕਾਰੀ ਵਾੜ ਟੱਪ ਕੇ ਮਜੀਠੀਆ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਦਾਖਲ ਹੋਏ। ਇਸ ਦੌਰਾਨ ਅਰਸ਼ਦੀਪ ਕਲੇਰ ਨੇ ਵਿਜੀਲੈਂਸ ਦੀ ਕਾਰਵਾਈ ਉਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਦੀ ਟੀਮ ਬਿਨਾਂ ਕਿਸੇ ਸਰਚ ਵਾਰੰਟ ਦੇ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਈ ਹੈ। ਇਸ ਕਾਰਵਾਈ ਉਤੇ ਵੱਡੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਬਿਕਰਮ ਮਜੀਠੀਆ ਦੇ ਗ੍ਰੀਨ ਐਵੇਨਿਊ ਵਾਲੇ ਘਰ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਬੈਰੀਕੇਡ ਲਗਾ ਕੇ ਸਾਰੀਆਂ ਸੜਕਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਪਤਾ ਲੱਗਾ ਹੈ ਕਿ ਮਜੀਠੀਆ ਘਰ ਵਿੱਚ ਹੈ।
ਏਜੰਸੀਆਂ ਨੇ ਕਈ ਦਸਤਾਵੇਜ਼ ਜ਼ਬਤ ਕੀਤੇ
ਪੰਜਾਬ ਸਰਕਾਰ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਗ੍ਰੀਨ ਐਵੇਨਿਊ ਵਾਲੇ ਮਜੀਠੀਆ ਦੇ ਘਰ ਦੀ ਤਲਾਸ਼ੀ ਲੈ ਰਹੀਆਂ ਹਨ। ਸੁਰੱਖਿਆ ਏਜੰਸੀਆਂ ਨੇ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਜਾਂਚ ਅਜੇ ਵੀ ਜਾਰੀ ਹੈ ਅਤੇ ਕਿਸੇ ਨੂੰ ਵੀ ਮਜੀਠੀਆ ਦੇ ਘਰ ਵੱਲ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਨੇੜਲੇ ਘਰਾਂ ਅਤੇ ਬੰਗਲਿਆਂ ਵਿੱਚ ਵੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਦੂਜੇ ਪਾਸੇ ਜਿਓਂ-ਜਿਓ ਅਕਾਲੀ ਵਰਕਰਾਂ ਨੂੰ ਇਸ ਦੀ ਸੂਚਨਾ ਮਿਲ ਰਹੀ ਹੈ ਉਹ ਵੱਡੀ ਗਿਣਤੀ ਵਿੱਚ ਮਜੀਠੀਆ ਦੀ ਰਿਹਾਇਸ਼ ਵੱਲ ਨੂੰ ਚੱਲ ਰਹੇ ਹਨ। ਵੱਡੀ ਗਿਣਤੀ ਵਿੱਚ ਪੁੱਜੇ ਅਕਾਲੀ ਵਰਕਰਾਂ ਨੇ ਵਿਜੀਲੈਂਸ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ।