Malout News: ਮਲੋਟ ਹਲਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡ ਵਾਸੀਆਂ ਨੂੰ ਪਿਛਲੇ ਦਸ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਝੋਰਡ, ਖਾਨੇ ਕੀ ਢਾਬ, ਇਨਾਖੇੜਾ, ਇੰਨਾਂ ਖੇੜਾ ਢਾਨੀਆਂ, ਲੱਕੜ ਵਾਲਾ ਅਤੇ ਹੋਰ ਪਿੰਡਾਂ ਦੇ ਲੋਕ ਧਰਤੀ ਹੇਠਲੇ ਪਾਣੀ ਦੇ ਜ਼ਹਿਰੀਲੇ ਹੋਣ ਅਤੇ ਵਾਟਰ ਵਰਕਸ ਦੇ ਨਾ ਚੱਲਣ ਕਾਰਨ ਦੋ-ਦੋ ਕਿਲੋਮੀਟਰ ਦੂਰ ਨਹਿਰ ਕੰਢੇ ਲੱਗੇ ਨਲਕਿਆਂ ਤੋਂ ਪਾਣੀ ਲਿਆਉਣ ਲਈ ਮਜ਼ਬੂਰ ਹਨ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜ਼ਮੀਨ ਹੇਠਲਾ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ, ਜਿਸ ਕਾਰਨ ਕਈ ਲੋਕ ਕੈਂਸਰ ਵਰਗੀਆਂ ਲਾਇਲਾਜ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਨਲਕਿਆਂ ਤੋਂ ਲਿਆਂਦਾ ਇਹ ਪਾਣੀ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਇਕਲੌਤਾ ਸਾਧਨ ਬਣ ਚੁੱਕਾ ਹੈ। ਗੰਦਾ ਪਾਣੀ ਪੀਣ ਕਾਰਨ ਲੋਕ ਗੰਭੀਰ ਬੀਮਾਰੀਆਂ ਦੀ ਚਪੇਟ 'ਚ ਆ ਰਹੇ ਹਨ।
ਪਿੰਡਾਂ ਵਿੱਚ ਕਈ ਸਾਲ ਪਹਿਲਾਂ ਲਗਾਏ ਗਏ ਸਰਕਾਰੀ ਆਰਓ ਸਿਸਟਮ ਹੁਣ ਚਾਲੂ ਹਾਲਤ 'ਚ ਨਹੀਂ ਹਨ। ਨਾ ਉਨ੍ਹਾਂ ਦੀ ਸਹੀ ਢੰਗ ਨਾਲ ਦੇਖ-ਰੇਖ ਹੋਈ ਅਤੇ ਨਾ ਹੀ ਨਵੀਂ ਤਕਨੀਕ ਨਾਲ ਉਨ੍ਹਾਂ ਨੂੰ ਅਪਗਰੇਡ ਕੀਤਾ ਗਿਆ ਹੈ। ਪੰਚਾਇਤਾਂ ਕੋਲ ਫੰਡ ਮੌਜੂਦ ਨਹੀਂ ਹੈ, ਨਹਿਰੀ ਪਾਣੀ ਅਤੇ ਜ਼ਮੀਨੀ ਪਾਣੀ ਇਲਾਕੇ ਤੱਕ ਆਉਂਦਾ ਹੈ ਪਰ ਐਂਡਰਗਰਾਊਂਡ ਪਾਈਪਾਂ ਅਤੇ ਡਗੀਆਂ ਦੀ ਸਾਲਾਂ ਤੋਂ ਸਫਾਈ ਨਾ ਹੋਣ ਕਰਕੇ ਇਹ ਪਾਣੀ ਵਾਟਰ ਵਰਕਸ ਤੱਕ ਨਹੀਂ ਪਹੁੰਚਦਾ। ਪੰਚਾਇਤਾਂ ਕੋਲ ਇਸ ਕੰਮ ਲਈ ਕਿਸੇ ਤਰ੍ਹਾਂ ਦੇ ਫੰਡ ਮੌਜੂਦ ਨਹੀਂ ਹਨ।
ਪਿੰਡ ਵਾਸੀਆਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਦਿਨ ਦੀ ਸ਼ੁਰੂਆਤ ਪਾਣੀ ਲਿਆਉਣ ਨਾਲ ਹੁੰਦੀ ਹੈ। ਸਵੇਰ ਕੰਮ 'ਤੇ ਜਾਣ ਤੋਂ ਪਹਿਲਾਂ ਅਤੇ ਸ਼ਾਮ ਨੂੰ ਵਾਪਸੀ 'ਤੇ ਉਹਨਾਂ ਨੂੰ ਦਿਨ ਵਿੱਚ ਦੋ ਵਾਰ ਪਾਣੀ ਲਿਆਉਣਾ ਪੈਂਦਾ ਹੈ, ਕਿਉਂਕਿ ਗਰਮੀਆਂ ਵਿੱਚ ਪਾਣੀ ਦੀ ਲਾਗਤ ਜ਼ਿਆਦਾ ਹੋਣ ਕਰਕੇ ਇੱਕ ਵਾਰ ਵਿੱਚ ਲਿਆਂਦਾ ਪਾਣੀ ਪੂਰੇ ਦਿਨ ਲਈ ਕਾਫੀ ਨਹੀਂ ਹੈ।
ਲੋਕਾਂ ਦੀ ਮੰਗ ਹੈ ਕਿ ਪੀਣ ਯੋਗ ਪਾਣੀ ਉਪਲਬਧ ਕਰਵਾਇਆ ਜਾਵੇ, ਪੁਰਾਣੇ ਆਰਓ ਸਿਸਟਮ ਦੀ ਮੁਰੰਮਤ ਜਾਂ ਨਵੇਂ ਲੱਗਣ, ਐਂਡਰਗਰਾਊਂਡ ਪਾਈਪ ਲਾਈਨਾਂ ਅਤੇ ਡਗੀਆਂ ਦੀ ਸਫਾਈ, ਪੰਚਾਇਤਾਂ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ ਅਤੇ ਸਰਕਾਰੀ ਵਾਟਰ ਵਰਕਸ ਦੀ ਪ੍ਰਕਿਰਿਆ ਮੁੜ-ਚਾਲੂ ਕੀਤੀ ਜਾਵੇ।