Home >>Punjab

Moga News: ਸਵੇਰੇ ਪਹਿਲਾਂ ਪੁੱਜਣ ਵਾਲੇ ਵੋਟਰਾਂ ਦਾ ਹੋਵੇਗਾ ਸਕੂਲ ਬੈਂਡ ਨਾਲ ਸਵਾਗਤ

 Moga News: ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦੀ ਨੂੰ ਵਧਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ।

Advertisement
Moga News: ਸਵੇਰੇ ਪਹਿਲਾਂ ਪੁੱਜਣ ਵਾਲੇ ਵੋਟਰਾਂ ਦਾ ਹੋਵੇਗਾ ਸਕੂਲ ਬੈਂਡ ਨਾਲ ਸਵਾਗਤ
Ravinder Singh|Updated: May 29, 2024, 07:30 PM IST
Share

Moga News(ਨਵਦੀਪ ਸਿੰਘ) :  ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦੀ ਨੂੰ ਵਧਾਉਣ ਲਈ ਜਿੱਥੇ ਭਾਰਤੀ ਚੋਣ ਕਮਿਸ਼ਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਜ਼ਿਲ੍ਹਾ ਚੋਣ ਅਧਿਕਾਰੀ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਵੀ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲਿਆਉਣ ਲਈ ਆਪਣੇ ਪੱਧਰ ਉੱਤੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

ਹਲਕਾ ਬਾਘਾਪੁਰਾਣਾ ਵਿੱਚ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਹਾਇਕ ਰਿਟਰਨਿੰਗ ਅਫ਼ਸਰ ਹਰਕੰਵਲਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਵਿਲੱਖਣ ਉਪਰਾਲਿਆਂ ਨਾਲ ਹਲਕੇ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਵੋਟ ਫ਼ੀਸਦ ਵਿੱਚ ਵਾਧਾ ਦਰਜ ਹੋਣ ਦੀ ਆਸ ਹੈ।

ਸਹਾਇਕ ਰਿਟਰਨਿੰਗ ਅਫ਼ਸਰ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਠੱਠੀ ਭਾਈ 072 (ਬਾਘਾਪੁਰਾਣਾ) ਵਿਖੇ ਗਰੀਨ ਬੂਥ ਬਣਾਇਆ ਜਾਵੇਗਾ। ਇਥੇ 1 ਜੂਨ ਨੂੰ ਆਪਣੀ ਪਹਿਲੀ ਵੋਟ ਪਾਉਣ ਵਾਲੇ ਵੋਟਰਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ। ਇਸ ਬੂਥ ਨੂੰ ਪਲਾਸਟਿਕ ਮੁਕਤ ਬੂਥ ਵਜੋਂ ਵੀ ਤਿਆਰ ਕੀਤਾ ਜਾ ਰਿਹਾ ਹੈ। ਵੋਟਰਾਂ ਨੂੰ ਗੱਤੇ ਦੇ ਮਟੀਰੀਅਲ ਤੋਂ ਤਿਆਰ ਬੈਜ ਲਗਾਏ ਜਾਣਗੇ ਅਤੇ ਨਾਲ ਹੀ ਸਕੂਲ ਦੀ ਦਿੱਖ ਸੁਧਾਰਨ ਲਈ ਉਚੇਚੇ ਯਤਨ ਕੀਤੇ ਗਏ ਹਨ। ਸਕੂਲ ਦੇ ਆਸ-ਪਾਸ ਪਏ ਫਾਲਤੂ ਮਟੀਰੀਅਲ ਨੂੰ ਚੁਕਵਾਇਆ ਗਿਆ ਹੈ।

ਵੋਟਿੰਗ ਵਾਲੇ ਦਿਨ ਰੰਗੋਲੀ ਬਣਾਈ ਜਾਵੇਗੀ ਅਤੇ ਵੋਟਰਾਂ ਨੂੰ ਹਰਾ ਪੰਜਾਬ ਬਣਾਉਣ ਲਈ ਪ੍ਰੇਰਿਤ ਕਰਦੇ ਬੈਨਰ ਲਗਾਏ ਜਾਣਗੇ। ਸਵੇਰੇ ਪਹਿਲਾਂ ਪੁੱਜਣ ਵਾਲੇ ਵੋਟਰਾਂ ਦਾ ਸਕੂਲ ਬੈਂਡ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਬੂਥ ਤੇ ਫਲਦਾਰ ਬੂਟੇ ਵੰਡੇ ਜਾਣਗੇ। ਇਸ ਸਬੰਧੀ ਬੈਨਰ ਲਗਾ ਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ। 

072 ਬਾਘਾਪੁਰਾਣਾ ਦੇ ਪਿੰਡ ਸਮਾਧ ਭਾਈ ਵਿਖੇ ਇੱਕ ਯੂਥ ਬੂਥ ਵੀ ਬਣਾਇਆ ਗਿਆ ਹੈ। ਸਮਾਧ ਭਾਈ ਸਕੂਲ ਵਿਖੇ ਪਹਿਲੇ ਸੱਤ ਨੌਜਵਾਨ ਵੋਟਰਾਂ ਨੂੰ ਪ੍ਰਸੰਸਾ ਪੱਤਰ, ਫੁੱਟਬਾਲ ਅਤੇ ਟੀ-ਸਰਟ ਦੇ ਕੇ ਉਹਨਾਂ ਦੀ ਹੌਸਲਾ- ਅਫਜਾਈ ਕੀਤੀ ਜਾਵੇਗੀ ਅਤੇ ਨਾਲ ਹੀ ਹਰੇਕ ਵੋਟਰ ਨੂੰ ਗੱਤੇ ਦੇ ਬਣੇ ਬੈਜ ਲਗਾਏ ਜਾਣਗੇ। ਰੰਗੋਲੀ ਬਣਾ ਕੇ ਅਤੇ ਗੁਬਾਰਿਆਂ ਨਾਲ ਬੂਥ ਦੀ ਵਿਸ਼ੇਸ਼ ਸਜਾਵਟ ਕੀਤੀ ਜਾਵੇਗੀ।

ਬਾਘਾਪੁਰਾਣਾ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਪਿੰਕ ਬੂਥ ਤੇ ਪਹਿਲੀਆਂ 20 ਨਵੀਆਂ ਵੋਟਰਾਂ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ। ਇਸ ਤਰ੍ਹਾਂ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰਦੀ ਝਾਕੀ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰੇਕ ਪੋਲਿੰਗ ਬੂਥ ਉੱਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ। ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ 61.47 ਫ਼ੀਸਦੀ ਵੋਟਾਂ ਪਈਆਂ ਸਨ। ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 70 ਫ਼ੀਸਦੀ ਤੋਂ ਵਧੇਰੇ ਵੋਟਾਂ ਪਵਾਉਣ ਦਾ ਟੀਚਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਹਾਇਕ ਰਿਟਰਨਿੰਗ ਅਫ਼ਸਰ ਹਰਕੰਵਲਜੀਤ ਸਿੰਘ ਦੀ ਟੀਮ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਾਰ ਜ਼ਿਲ੍ਹਾ ਮੋਗਾ ਵਿਚ ਵੋਟ ਫ਼ੀਸਦ ਨੂੰ ਵਧਾਉਣ ਲਈ ਲੋਕਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਹਰੇਕ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਇਸ ਲਈ ਉਹ ਸਾਰੇ ਪਰਿਵਾਰ ਸਹਿਤ ਆਪਣੀ ਵੋਟ ਦਾ ਇਸਤੇਮਾਲ ਕਰਨ। ਲੋਕਤੰਤਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਵਾਸੀ ਵੋਟ ਕਰਨ ਲਈ ਜ਼ਰੂਰ ਆਉਣ।

ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜ਼ਿਆਦਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਆਦਿ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਵਲੰਟੀਅਰ ਵੋਟਰਾਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ  ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ED Raid in Punjab News: ਪੰਜਾਬ 'ਚ ਵੋਟਾਂ ਤੋਂ ਪਹਿਲਾਂ ED ਦਾ ਵੱਡਾ ਐਕਸ਼ਨ; 13 ਥਾਵਾਂ 'ਤੇ ਛਾਪੇਮਾਰੀ, 3 ਕਰੋੜ ਰੁਪਏ ਬਰਾਮਦ

Read More
{}{}