Home >>Punjab

Lok Sabha Election: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇਕ ਹੋਰ ਪਹਿਲਕਦਮੀ, ਵੋਟਿੰਗ ਲਈ ਦਿੱਤੇ ਜਾਣਗੇ ਸੱਦਾ ਪੱਤਰ

Lok Sabha Election: ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੋਟਰਾਂ ਨੂੰ ‘ਚੋਣ ਸੱਦਾ’ ਦਿੱਤਾ ਜਾਵੇਗਾ, ਜਿਸ ਵਿੱਚ ਵੋਟਰਾਂ ਨੂੰ 1 ਜੂਨ 2024 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। 

Advertisement
Lok Sabha Election: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇਕ ਹੋਰ ਪਹਿਲਕਦਮੀ, ਵੋਟਿੰਗ ਲਈ ਦਿੱਤੇ ਜਾਣਗੇ ਸੱਦਾ ਪੱਤਰ
Manpreet Singh|Updated: Apr 30, 2024, 07:03 PM IST
Share

Lok Sabha Election: ਲੋਕ ਸਭਾ ਚੋਣਾਂ-2024 ਵਿੱਚ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨ ਦੀ ਮੁਹਿੰਮ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਵਾਰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਬੀਐਲਓਜ਼ (ਬੂਥ ਪੱਧਰੀ ਅਧਿਕਾਰੀ) ਰਾਹੀਂ ਵੋਟਰਾਂ ਨੂੰ ਘਰ-ਘਰ ‘ਚੋਣ ਸੱਦਾ’ ਕਾਰਡ ਭੇਜੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੋਟਰਾਂ ਨੂੰ ‘ਚੋਣ ਸੱਦਾ’ ਦਿੱਤਾ ਜਾਵੇਗਾ, ਜਿਸ ਵਿੱਚ ਵੋਟਰਾਂ ਨੂੰ 1 ਜੂਨ 2024 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਕਾਰਡ ਬੀਐਲਓਜ਼ ਵੱਲੋਂ ਘਰ-ਘਰ ਦਿੱਤੇ ਜਾਣਗੇ।

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੱਡੇ ਪੱਧਰ ਉੱਤੇ ਪਹਿਲਾਂ ਹੀ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ ਤਹਿਤ ਚੋਣ ਜਾਗਰੂਕਤਾ ਸਬੰਧੀ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਪਹਿਲਕਦਮੀ ਦਾ ਮਕਸਦ ਵੀ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨਾ ਤੇ ਵੋਟਿੰਗ ਪ੍ਰਕਿਰਿਆ ਦੌਰਾਨ ਵੋਟਰਾਂ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਦਾਇਕ ਅਤੇ ਤਸੱਲੀਬਖਸ਼ ਬਣਾਉਣਾ ਹੈ।

ਉਨ੍ਹਾਂ ਦੱਸਿਆ ਕਿ ਕਾਰਡ ਵਿਚ ਇਕ ਕਿਊ ਆਰ ਕੋਡ ਵੀ ਦਿੱਤਾ ਗਿਆ ਹੈ ਜਿਸ ਨੂੰ ਸਕੈਨ ਕਰਕੇ ਵੋਟਰ ਆਪਣੇ ਪੋਲਿੰਗ ਬੂਥ ਬਾਬਤ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਸਿਬਿਨ ਸੀ ਨੇ ਦੱਸਿਆ ਕਿ ਵੋਟਿੰਗ ਵਾਲੇ ਦਿਨ ਹਰੇਕ ਬੂਥ ਉੱਤੇ ਵੋਟਰਾਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜਿਸ ਵਿੱਚ ਪੀਣ ਵਾਲਾ ਪਾਣੀ, ਵੇਟਿੰਗ ਏਰੀਆ, ਪੁਰਸ਼ਾਂ ਅਤੇ ਮਹਿਲਾਵਾਂ ਲਈ ਸਾਫ਼-ਸੁਥਰੇ ਪਖਾਨੇ ਅਤੇ ਸ਼ੈੱਡ ਆਦਿ ਸ਼ਾਮਲ ਹਨ।

ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ-ਚੜ੍ਹ ਕੇ ਲੋਕ ਸਭਾ ਚੋਣਾਂ-2024 ਵਿੱਚ ਹਿੱਸਾ ਲੈਣ ਅਤੇ ਆਪਣੀ ਵੋਟ ਦਾ ਸਹੀ ਇਸਤਮਾਲ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

Read More
{}{}