Punjab Panchayat By Election: ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ 'ਤੇ 27 ਜੁਲਾਈ 2025 ਯਾਨੀ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਉਪ ਚੋਣਾਂ ਨੇਪਰੇ ਚੜ੍ਹਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਵੇਲੇ 90 ਸਰਪੰਚ ਅਤੇ 1771 ਪੰਚਾਂ ਦੀਆਂ ਅਸਾਮੀਆਂ ਖਾਲੀ ਹਨ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਜਾਰੀ ਹੈ। ਵੋਟਾਂ ਦੀ ਗਿਣਤੀ ਪੋਲਿੰਗ ਵਾਲੇ ਦਿਨ ਸ਼ਾਮ ਨੂੰ ਪੋਲਿੰਗ ਸਟੇਸ਼ਨ 'ਤੇ ਕੀਤੀ ਜਾਵੇਗੀ।
ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਵਿੱਚ 6 ਸਰਪੰਚਾਂ ਅਤੇ 26 ਪੰਚਾਂ ਦੀ ਉਪ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਉਪ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਪੋਲਿੰਗ ਟੀਮਾਂ ਅੱਜ ਦੁਪਹਿਰ ਤੋਂ ਬਾਅਦ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਗਈਆਂ ਹਨ।
ਗੁਰਦਾਸਪੁਰ ਦੇ ਪਿੰਡ ਘੁੱਲੇ ਵਿੱਚ ਵੀ ਸਰਪੰਚੀ ਦੀ ਚੋਣ ਹੋ ਰਹੀ ਹੈ। ਪਿੰਡ ਘੁਲੇ ਵਿੱਚ ਸੜਕ ਹਾਦਸੇ ਦੌਰਾਨ ਸਰਪੰਚ ਦੀ ਮੌਤ ਹੋਣ ਤੋਂ ਬਾਅਦ 4 ਮਹੀਨਿਆਂ ਤੋਂ ਇਸ ਪਿੰਡ ਦੇ ਵਿੱਚ ਸਰਪੰਚ ਦੀ ਸੀਟ ਖਾਲੀ ਪਈ ਸੀ। ਜਿਸ ਤੋਂ ਬਾਅਦ ਅੱਜ ਇਸ ਪਿੰਡ ਵਿੱਚ ਸਰਪੰਚ ਦੀ ਚੋਣ ਹੋ ਰਹੀ ਹੈ ਅਤੇ ਇਸ ਪਿੰਡ ਵਿਚ ਸਰਬਸੰਮਤੀ ਦੇ ਨਾਲ ਪੰਚ ਚੁਣੇ ਜਾ ਚੁੱਕੇ ਹਨ। ਸਰਪੰਚ ਦੀ ਚੋਣਾਂ ਲਈ ਤਿੰਨ ਉਮੀਦਵਾਰ ਇਸ ਵਕਤ ਚੋਣ ਮੈਦਾਨ ਦੇ ਵਿੱਚ ਹਨ।
ਪਿੰਡ ਦੇ ਵੋਟਰਾਂ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਨੂੰ ਲੈ ਕੇ ਉਹ ਆਪਣੇ ਉਮੀਦਵਾਰ ਨੂੰ ਵੋਟ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਨਹੀਂ ਹੈ ਪਰ ਬਾਹਰਲੇ ਪਿੰਡਾਂ ਤੋਂ ਲੋਕ ਨਸ਼ਾ ਲੈਕੇ ਇਸ ਪਿੰਡ ਵਿੱਚ ਪਹੁੰਚਦੇ ਹਨ ਉਨ੍ਹਾਂ ਨੂੰ ਵੀ ਰੋਕਿਆ ਜਾਵੇ। ਮੋਗਾ ਦੇ ਵੱਖ-ਵੱਖ ਪਿੰਡਾਂ ਵਿੱਚ ਹੋ ਰਹੀ ਪੰਚ ਦੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ ਹੈ। ਧੁੱਪ ਦੇ ਬਾਵਜੂਦ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਉਮੀਦਵਾਰਾਂ ਨੇ ਵੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਉਤੇ ਸੰਤੁਸ਼ਟੀ ਜਤਾਈ। ਦੱਸ ਦਈਏ ਕਿ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ ਅਤੇ ਉਸ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗੀ ਕਾਊਂਟਿੰਗ।
ਅੱਜ ਕੁੱਲ 13 ਥਾਵਾਂ ਉਤੇ ਮੋਗਾ ਜ਼ਿਲ੍ਹੇ ਵਿੱਚ ਪੰਚ ਦੀ ਚੋਣ ਲਈ ਵੋਟਿੰਗ ਚੱਲ ਰਹੀ ਹੈ। ਬਾਘਾ ਪੁਰਾਣਾ (ਮੋਗਾ) ਅਧੀਨ ਪੈਂਦੇ ਪਿੰਡ ਸਾਹੋਕੇ ਵਿਖੇ ਪਿਛਲੇ ਦਿਨੀਂ ਅਸਮਾਨੀ ਬਿਜਲੀ ਡਿੱਗਣ ਨਾਲ ਬਲਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ। ਇਥੇ ਖਾਲੀ ਹੋਈ ਸੀਟ ਨੂੰ ਭਰਨ ਲਈ ਚੋਣ ਕਮਿਸ਼ਨ ਵੱਲੋਂ ਅੱਜ ਕਰਵਾਈਆਂ ਜਾ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਸੁਖਜੀਤ ਸਿੰਘ ਪੁੱਤਰ ਮੇਜਰ ਸਿੰਘ ਨੂੰ ਸਰਬ ਸੰਮਤੀ ਨਾਲ ਪੰਚਾਇਤ ਮੈਂਬਰ ਚੁਣ ਲਿਆ ਗਿਆ ਹੈ।