CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਖਡੂਰ ਸਾਹਿਬ ਰੈਲੀ ਦੌਰਾਨ ਬਾਹਰੋਂ ਇੰਡਸਟਰੀ ਲਿਆਉਣ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਹਰੋਂ ਸਨਅਤ ਲਿਆਉਣ ਲਈ ਬਿਜਲੀ ਸਸਤੀ ਕੀਤੀ ਜਾਵੇਗੀ। ਪਿਛਲੀਆਂ ਸਰਕਾਰਾਂ ਨੇ ਤਿੰਨ ਪੀੜ੍ਹੀਆਂ ਬਰਬਾਦ ਕਰ ਦਿੱਤੀਆਂ ਹਨ ਪਰ ਹੁਣ ਪੰਜਾਬ ਵਿੱਚ ਅਜਿਹਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਇੱਕ ਵਾਰ ਫਿਰ ਇਤਿਹਾਸ ਲਿਖਣ ਜਾ ਰਿਹਾ ਹੈ।
ਅੱਜ ਜਿੱਥੇ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹਨ ਉਨ੍ਹਾਂ ਦੇ ਹੱਥਾਂ ਵਿਚੋਂ ਟੀਕੇ ਖੋਹ ਕੇ ਉਨ੍ਹਾਂ ਨੂੰ ਰੋਟੀ ਵਾਲੇ ਟਿਫ਼ਨ ਦਿੱਤੇ ਜਾਣਗੇ ਤਾਂ ਜੋ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਕੀਤੀ ਗਈ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਨੇ ਪੰਜਾਬ ਵਿੱਚ ਪਹਿਲਾਂ ਵੀ ਬਿਜਲੀ ਸਸਤੀ ਕੀਤੀ ਹੈ ਪਰ ਉਹ ਭਵਿੱਖ ਵਿੱਚ ਵੀ ਬਿਜਲੀ ਦੀਆਂ ਦਰਾਂ ਸਸਤੀਆਂ ਰੱਖੇਗੀ ਤਾਂ ਜੋ ਗੋਇੰਦਵਾਲ ਸਨਅਤੀ ਖੇਤਰ ਵਿੱਚ ਉਦਯੋਗਾਂ ਦੀ ਸਥਾਪਨਾ ਕੀਤੀ ਜਾ ਸਕੇ। ਉਨ੍ਹਾਂ ਦਾ ਸੁਪਨਾ ਨੌਜਵਾਨਾਂ ਦੇ ਹੱਥੋਂ ਨਸ਼ਾ ਛੁਡਵਾਉਣਾ ਹੈ ਅਤੇ ਉਨ੍ਹਾਂ ਦੇ ਹੱਥਾਂ 'ਚ ਰੋਟੀ ਦਾ ਟਿਫਨ ਦੇਖਣਾ ਚਾਹੁੰਦੇ ਹਨ, ਇਹ ਉਦੋਂ ਹੀ ਹੋਵੇਗਾ ਜਦੋਂ ਪੰਜਾਬ 'ਚ ਇੰਡਸਟਰੀ ਹੋਵੇਗੀ ਤੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਤੋਂ ਛੁਟਕਾਰਾ ਮਿਲੇਗਾ ਅਤੇ ਪੰਜਾਬ ਵਿੱਚ ਹੀ ਆਪਣਾ ਕੰਮ ਕਰਕੇ ਚੰਗਾ ਰੁਜ਼ਗਾਰ ਹਾਸਲ ਕਰਨਗੇ।
ਉਨ੍ਹਾਂ ਕਿਹਾ ਕਿ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਪੰਜਾਬ ਨੂੰ 13-0 ਨਾਲ ਜਿੱਤ ਦਿਵਾਈ ਜਾਵੇ। ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਾ ਹੈ ਕਿਉਂਕਿ ਕੱਲ੍ਹ ਉਕਤ ਪਾਰਟੀ ਨੇ ਆਪਣੇ ਹੀ ਆਗੂ ਅਤੇ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਉਹ ਪਹਿਲਾਂ ਹੀ ਕਹਿੰਦਾ ਰਿਹਾ ਹੈ ਕਿ ਬਾਦਲ ਪਰਿਵਾਰ ਹੀ ਪੰਜਾਬ ਨੂੰ ਲੁੱਟ ਰਿਹਾ ਹੈ ਅਤੇ ਬਰਬਾਦ ਕਰ ਰਿਹਾ ਹੈ।
ਉਨ੍ਹਾਂ ਸਟੇਜ ਤੋਂ ਰੈਲੀ ਦੀ ਅਗਵਾਈ ਕਰ ਰਹੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੱਸਿਆ ਕਿ ਰਿਪੋਰਟ ਅਨੁਸਾਰ ਉਨ੍ਹਾਂ ਦੇ ਹਲਕੇ ਤੋਂ 25 ਹਜ਼ਾਰ ਵੋਟਾਂ ਦੀ ਲੀਡ ਆ ਰਹੀ ਹੈ ਪਰ ਉਹ ਪੱਚੀ ਨਹੀਂ ਸਗੋਂ 35 ਹਜ਼ਾਰ ਦੀ ਲੀਡ ਚਾਹੁੰਦੇ ਹੈ। ਮੋਦੀ 'ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਸੋਚਦੇ ਸਨ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰਕੇ ਉਹ ਪਾਰਟੀ ਨੂੰ ਤਬਾਹ ਕਰ ਦੇਣਗੇ, ਪਰ ਕੇਜਰੀਵਾਲ ਕੋਈ ਪਾਰਟੀ ਨਹੀਂ ਸਗੋਂ ਇਕ ਅਜਿਹੀ ਸੋਚ ਹੈ ਜੋ ਆਮ ਆਦਮੀ ਪਾਰਟੀ ਦੇ ਹਰ ਆਗੂ, ਵਰਕਰ ਅਤੇ ਵਲੰਟੀਅਰ ਦੇ ਦਿਲਾਂ ਵਿਚ ਵਸੀ ਹੋਈ ਹੈ ਕੀ ਉਹ ਅੰਦਰ ਜਾ ਸਕਦਾ ਹੈ? ਇਸ ਮੌਕੇ ਉਨ੍ਹਾਂ ਲੋਕ ਸਭਾ ਮੈਂਬਰ ਖਡੂਰ ਸਾਹਬ ਨੂੰ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।