Bathinda News: ਬਠਿੰਡਾ ਦੇ ਸ਼ਕਤੀ ਵਿਹਾਰ ਵਿੱਚ ਕਿਰਾਏ ਦੇ ਮਕਾਨ ਉਤੇ ਰਹਿ ਰਹੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਬਵਨੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਮਾਤਾ ਤੇ ਭੈਣ ਨੇ ਕਿਹਾ ਹੈ ਕਿ ਉਨ੍ਹਾਂ ਦਾ ਲੜਕਾ ਅਤੇ ਉਹ ਲੜਕੀ ਸਕੂਲ ਸਮੇਂ ਤੋਂ ਹੀ ਇਕੱਠੇ ਰਹਿੰਦੇ ਆ ਰਹੇ ਸਨ ਅਤੇ 2018 ਵਿੱਚ ਲੜਕੀ ਦੇ ਕਹਿਣ ਉਤੇ ਲੜਕੇ ਵੱਲੋਂ ਉਸ ਨਾਲ ਵਿਆਹ ਕਰਵਾ ਲਿਆ ਸੀ। ਇਸ ਮਗਰੋਂ ਉਨ੍ਹਾਂ ਨੇ ਆਪਣਾ ਮਕਾਨ ਵੇਚਿਆ ਅਤੇ ਜੋ ਲੜਕੀ ਨੇ ਮੰਗਿਆ ਉਸ ਨੂੰ ਦਿੱਤਾ। ਉਸ ਹਿਸਾਬ ਨਾਲ ਸਾਰਾ ਕੁਝ ਅਸੀਂ ਲੈ ਕੇ ਆਏ ਪਰੰਤੂ ਅੱਜ ਜੋ ਦਿਨ ਦੇਖ ਰਹੇ ਹੈ ਇਹ ਸਾਰਾ ਕੁਝ ਉਸਦੀ ਬਦੌਲਤ ਹੈ।
2018 ਵਿੱਚ ਵਿਆਹ ਹੋਣ ਤੋਂ ਬਾਅਦ 2021 ਵਿੱਚ ਉਨ੍ਹਾਂ ਦੇ ਲੜਕੇ ਦੀ ਘਰਵਾਲੀ ਨੇ ਕਿਹਾ ਹੈ ਕਿ ਉਸਨੇ ਵਿਦੇਸ਼ ਜਾਣਾ ਹੈ ਤਾਂ ਲੜਕੇ ਨੇ ਪੈਸੇ ਇਕੱਠੇ ਕਰ ਉਸ ਨੂੰ ਕੈਨੇਡਾ ਵਿੱਚ ਭੇਜ ਦਿੱਤਾ ਸੀ। 2021 ਤੋਂ ਬਾਅਦ ਉਹ ਬਠਿੰਡਾ ਵਿੱਚ 2023 ਵਿੱਚ ਆਈ ਸੀ ਤੇ ਵਾਪਸ ਚਲੀ ਗਈ ਪਰ ਉਸ ਤੋਂ ਬਾਅਦ ਫਿਰ ਉਹ 2024 ਵਿੱਚ ਲੜਕੇ ਦੀ ਰਿਸ਼ਤੇਦਾਰੀ ਵਿੱਚ ਵਿਆਹ ਸਮਾਗਮ ਵਿੱਚ ਆਈ, ਉਸ ਸਮੇਂ ਉਨ੍ਹਾਂ ਦੇ ਲੜਕੇ ਵੱਲੋਂ ਜਦ ਉਸਦਾ ਬੈਂਕ ਖਾਤਾ ਚੈੱਕ ਕੀਤਾ ਗਿਆ ਤਾਂ ਉਸਦੇ ਵਿੱਚ ਇੱਕ ਲੱਖ 20 ਹਜ਼ਾਰ ਰੁਪਏ ਆਏ ਸਨ। ਜਦ ਉਸ ਦੇ ਲੜਕੇ ਨੇ ਉਸ ਪੈਸਿਆਂ ਬਾਰੇ ਪੁੱਛਣਾ ਚਾਹਿਆ ਤਾਂ ਉਸ ਨੇ ਕਿਹਾ ਹੈ ਕਿ ਇਹ ਉਸ ਨਾਲ ਕੰਮ ਕਰਦੇ ਲੜਕੇ ਨੇ ਭੇਜੇ ਹਨ, ਉਸ ਨੇ ਪੈਸੇ ਲੈਣੇ ਸੀ ਜਿਸਦੇ ਚੱਲਦੇ ਉਸਨੇ ਉਸ ਦੇ ਖਾਤੇ ਵਿੱਚ ਪੈਸੇ ਪਾਏ ਹਨ।
ਉਸ ਸਮੇਂ ਤੋਂ ਹੀ ਲੜਕੇ ਨੂੰ ਸ਼ੱਕ ਹੋਣ ਲੱਗਿਆ ਹੈ ਕਿ ਉਸ ਦੀ ਘਰਵਾਲੀ ਦੇ ਰਿਲੇਸ਼ਨ ਕਿਸੇ ਹੋਰ ਲੜਕੇ ਨਾਲ ਹੈ ਜਦ ਉਸ ਨੂੰ ਪੁੱਛਦਾ ਸੀ ਉਲਟਾ ਉਸ ਨਾਲ ਬਹਿਸਬਾਜੀ ਕਰਦੀ ਸੀ। 2024 ਵਾਪਸ ਜਾਣ ਤੋਂ ਬਾਅਦ ਉਸ ਲੜਕੀ ਨੇ ਉਨ੍ਹਾਂ ਨਾਲ ਸੰਪਰਕ ਤੋੜ ਲਿਆ ਨਾ ਤਾਂ ਉਨ੍ਹਾਂ ਦੇ ਲੜਕੇ ਨਾਲ ਗੱਲ ਕਰਦੀ ਸੀ ਅਤੇ ਨਾ ਹੀ ਉਸ ਨਾਲ ਗੱਲ ਕਰਦੀ ਸੀ ਇਥੋਂ ਤੱਕ ਕਿ ਉਨ੍ਹਾਂ ਦੇ ਸਾਰਿਆਂ ਦੇ ਨੰਬਰ ਬਲਾਕ ਕਰ ਦਿੱਤੇ ਗਏ ਸਨ।
ਮ੍ਰਿਤਕ ਨੌਜਵਾਨ ਬਵਨੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਰੋਂਦੇ ਰੋਂਦੇ ਕਿਹਾ ਹੈ ਕਿ ਬੇਸ਼ੱਕ ਪੁਲਿਸ ਨੇ ਲੜਕੇ ਦੀ ਸੱਸ ਅਤੇ ਉਸਦੀ ਘਰਵਾਲੀ ਉੱਪਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਉਸ ਲੜਕੀ ਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਜਾਵੇ ਜੇਕਰ ਪੁਲਿਸ ਨੇ ਅਜਿਹਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਹੈ ਕਿ ਉਹ ਪੁਲਿਸ ਵਿਚੋਂ ਰਿਟਾਇਰ ਮੁਲਾਜ਼ਮ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਮੈਂ ਇੰਨੇ ਸਾਲ ਸੇਵਾ ਕੀਤੀ ਹੈ ਤਾਂ ਮੈਨੂੰ ਵੀ ਇਨਸਾਫ ਦਵਾਇਆ ਜਾਵੇ ਮੇਰੇ ਪੁੱਤ ਨੂੰ ਜਿਉਂਦੇ ਜੀ ਤਾਂ ਇਨਸਾਫ ਨਹੀਂ ਮਿਲਿਆ ਆਖਿਰ ਉਹ ਹੁਣ ਮਰ ਚੁੱਕਿਆ ਹੈ ਕੁਝ ਇਨਸਾਫ ਮਿਲੇ।
ਦੂਜੇ ਪਾਸੇ ਥਾਣਾ ਥਰਮਲ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉੱਪਰ ਸਾਡੇ ਵੱਲੋਂ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਪਰਿਵਾਰਕ ਮੈਂਬਰਾਂ ਨੇ ਮੁਢਲੇ ਬਿਆਨ ਵਿੱਚ ਦੱਸਿਆ ਹੈ ਕਿ ਮ੍ਰਿਤਕ ਲੜਕੇ ਦੀ ਪਤਨੀ ਜੋ ਕਿ ਵਿਦੇਸ਼ ਚਲੀ ਗਈ ਸੀ ਉਸ ਤੋਂ ਬਾਅਦ ਉਸਨੇ ਪਰਿਵਾਰ ਨਾਲ ਸੰਪਰਕ ਤੋੜ ਲਿਆ ਸੀ।