Ludhiana News: ਲੁਧਿਆਣਾ ਦੇ ਲਾਡੋਵਾਲ ਸਥਿਤ ਐਨਡੀਆਰਐਫ਼ ਹੈੱਡਕੁਆਰਟਰ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮਹਿਲਾ ਕਾਂਸਟੇਬਲ ਦੀ ਪਛਾਣ ਸਿਮਰਨਜੀਤ ਕੌਰ ਵੱਜੋਂ ਹੋਈ ਹੈ, ਜਿਸ ਨੇ ਆਪਣੀ ਚੁੰਨੀ ਦੇ ਸਹਾਰੇ ਪੱਖੇ ਦੇ ਨਾਲ ਫਾਹਾ ਲੈ ਲਿਆ।
ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਿਮਰਨਜੀਤ ਕੌਰ ਡਿਊਟੀ ’ਤੇ ਨਹੀਂ ਆਈ, ਜਿਸ ਕਰਕੇ ਉਹ ਉਨੂੰ ਮਿਲਣ ਲਈ ਕਮਰੇ ਵਿਚ ਪੁੱਜੇ ਪਰ ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦਰਵਾਜ਼ਾ ਨੂੰ ਧੱਕਾ ਮਾਰ ਕੇ ਤੋੜਿਆ ਅਤੇ ਅੰਦਰ ਦਾਖਲ ਹੋਏ ਅਤੇ ਦੇਖਿਆ ਕਿ ਮਹਿਲਾ ਕਾਂਸਟੇਬਲ ਦੀ ਲਾਸ਼ ਚੁੰਨੀ ਨਾਲ ਲਟਕ ਰਹੀ ਸੀ। ਜਿਸ ਉਪਰੰਤ ਉਨ੍ਹਾਂ ਤੁਰੰਤ ਲਾਡੋਵਾਲ ਥਾਣੇ ਦੀ ਪੁਲੀਸ ਨੂੰ ਸੂਚਿਤ ਕੀਤਾ।
ਏਐਸਆਈ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮਾਨਸਾ ਦੀ ਰਹਿਣ ਵਾਲੀ ਸੀ ਅਤੇ ਉਸ ਨੇ 7 ਸਤੰਬਰ 2024 ਨੂੰ ਲੁਧਿਆਣਾ ਦੇ ਐਨਡੀਆਰਐਫ਼ ਹੈੱਡਕੁਆਰਟਰ ਵਿਖੇ ਡਿਊਟੀ ਜੁਆਇਨ ਕੀਤੀ ਸੀ। ਜਾਂਚ ਅਧਿਕਾਰੀ ਦੇ ਅਨੁਸਾਰ ਫਿਲਹਾਲ ਉਨ੍ਹਾਂ ਨੂੰ ਮ੍ਰਿਤਕ ਦੇ ਕਮਰੇ ਜਾਂ ਲਾਸ਼ ਦੇ ਆਲੇ-ਦੁਆਲੇ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।