Bathinda Firing: ਬਠਿੰਡਾ ਵਿੱਚ ਦਿਨ ਚੜ੍ਹਦੇ ਹੀ ਨੌਜਵਾਨ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਰਹੀ ਹੈ। ਬਠਿੰਡਾ ਦੀ ਥਰਮਲ ਕਲੋਨੀ ਦੇ ਗੇਟ ਨੰਬਰ ਦੋ ਨਜ਼ਦੀਕ ਬਣੇ ਚਾਹ ਦੇ ਖੋਖੇ ਉਤੇ ਵਾਰਦਾਤ ਵਾਪਰੀ। ਖੋਖੇ ਤੋਂ ਚਾਹ ਪੀ ਕੇ ਤੁਰਨ ਲੱਗੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ। ਜ਼ਖ਼ਮੀ ਨੌਜਵਾਨ ਦੀ ਪਛਾਣ ਨਵੀਨ ਵਜੋਂ ਹੋਈ ਹੈ। ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਨੌਜਵਾਨ ਦੇ ਦੋ ਗੋਲੀਆਂ ਵੱਜੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ ਵਿੱਚ ਗੋਲੀਬਾਰੀ
ਫਿਰੋਜ਼ਪੁਰ ਦੇ ਭਾਟੀਆ ਵਾਲੀ ਬਸਤੀ ਵਿੱਚ ਅੱਜ ਰਾਤ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ। ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਤੇ ਗੋਲੀ ਨੌਜਵਾਨ ਨੂੰ ਲੱਗ ਗਈ। ਅਸੀਂ ਮੌਕੇ 'ਤੇ ਦੋ ਨੂੰ ਫੜ ਲਿਆ ਹੈ ਅਤੇ ਇੱਕ ਮੌਕੇ ਤੋਂ ਭੱਜ ਗਿਆ ਹੈ। ਉਸਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਖੰਨਾ ਵਿੱਚ ਗੋਲੀਬਾਰੀ ਨਾਲ ਦਹਿਸ਼ਤ
ਖੰਨਾ ਸ਼ਹਿਰ ਵਿੱਚ ਐਤਵਾਰ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਜਾਪਦਾ ਹੈ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਗ੍ਰੀਨਲੈਂਡ ਹੋਟਲ ਨੇੜੇ ਵਾਪਰੀ, ਜਦੋਂ ਦੋ ਗੁੱਟ ਆਹਮੋ-ਸਾਹਮਣੇ ਹੋ ਗਏ ਅਤੇ ਗੋਲੀਬਾਰੀ ਸ਼ੁਰੂ ਹੋ ਗਈ। ਇਸ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸਦੀ ਪਛਾਣ ਨਿਖਿਲ ਵਾਸੀ ਸਰਹਿੰਦ ਵਜੋਂ ਹੋਈ ਹੈ। ਨਿਖਿਲ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗੁੱਟਾਂ ਵਿਚਕਾਰ ਪੁਰਾਣੀ ਰੰਜਿਸ਼ ਸੀ ਤੇ ਇਸ ਤਣਾਅ ਕਾਰਨ ਹਿੰਸਾ ਭੜਕ ਗਈ। ਸੂਤਰਾਂ ਅਨੁਸਾਰ ਪਹਿਲਾਂ ਦੋਵਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋਈ ਅਤੇ ਫਿਰ ਅਚਾਨਕ ਇੱਕ ਗੁੱਟ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ-2 ਦੇ ਐਸਐਚਓ ਤਰਵਿੰਦਰ ਬੇਦੀ ਆਪਣੀ ਟੀਮ ਨਾਲ ਮੌਕੇ ਉਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਦੂਜੇ ਪਾਸੇ ਐਮਰਜੈਂਸੀ ਡਿਊਟੀ ਉਪਰ ਤਾਇਨਾਤ ਡਾਕਟਰ ਆਕਾਸ਼ ਨੇ ਦੱਸਿਆ ਕਿ ਗੋਲੀ ਮੂੰਹ ਉਪਰ ਲੱਗੀ ਹੈ। ਜ਼ਖ਼ਮੀ ਨੂੰ ਮੁੱਢਲੀ ਇਲਾਜ ਦੇ ਕੇ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ।