Zirakpur News: ਜ਼ੀਰਕਪੁਰ ਦੇ ਮਾਰਬਲ ਕਾਰੋਬਾਰੀ ਨੂੰ ਗੋਦਾਮ ਖੇਤਰ ਵਿੱਚ ਨੌਜਵਾਨਾਂ ਨੂੰ ਅਵਾਰਾਗਰਦੀ ਤੋਂ ਰੋਕਣ 'ਤੇ ਕਾਫ਼ੀ ਖ਼ਤਰਨਾਕ ਨਤੀਜੇ ਭੁਗਤਣੇ ਪਏ। ਜ਼ੀਰਕਪੁਰ ਵਿੱਚ ਮਾਰਬਲ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਗੁਦਾਮ ਖੇਤਰ ਵਿੱਚ ਨੌਜਵਾਨਾਂ ਨੂੰ ਅਵਾਰਾਗਰਦੀ ਤੋਂ ਰੋਕਿਆ। ਇਸ ਦਾ ਬਦਲਾ ਇਨ੍ਹਾਂ ਨੌਜਵਾਨਾਂ ਨੇ ਰਾਤ ਨੂੰ ਗੁਦਾਮ ਵਿੱਚ ਭੰਨ-ਤੋੜ ਕਰਕੇ ਅੱਗ ਲਗਾ ਦਿੱਤੀ।
ਸ਼ਨਿੱਚਰਵਾਰ ਰਾਤ 20-25 ਹਮਲਾਵਰ ਗੁਦਾਮ ਦੇ ਅੰਦਰ ਤਾਲੇ ਤੋੜ ਕੇ ਦਾਖ਼ਲ ਹੋਏ ਅਤੇ ਅੰਦਰ ਪਏ ਤਿਆਰ ਸਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਉਹ ਸਿਰਫ਼ ਇਸ 'ਤੇ ਨਹੀ ਰੁਕੇ ਸਮਾਨ ਦੀ ਭੰਨਤੋੜ ਕਰਨ ਤੋਂ ਬਾਅਦ ਉਨ੍ਹਾਂ ਨੇ ਗੁਦਾਮ ਨੂੰ ਅੱਗ ਲਗਾ ਦਿੱਤੀ ਨਾਲ ਹੀ ਗੁਦਾਮ ਦੇ ਕਾਰੀਗਰਾਂ ਨਾਲ਼ ਕੁੱਟਮਾਰ ਵੀ ਕੀਤੀ ਗਈ ਜਿਸ ਕਰਕੇ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਬਾਅਦ ਗੁਦਾਮ ਦੇ ਮਾਲਕ ਵੱਲੋਂ ਜ਼ੀਰਕਪੁਰ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ। ਇਸ ਘਟਨਾ ਤੋਂ ਬਾਅਦ ਵਪਾਰੀਆਂ ਵਿੱਚ ਡਰ ਦਾ ਮਾਹੌਲ ਦਿਖਾਈ ਦੇ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗੁਦਾਮ ਮਾਲਕ ਬਿੰਦਰ ਕੁਮਾਰ ਪੁੱਤਰ ਹਰਮੇਸ਼ ਚੰਦ ਵਾਸੀ ਗੋਵਿੰਦ ਵਿਹਾਰ ਬਲਟਾਣਾ ਜੋ ਕਿ ਸਾਈਂ ਮਾਰਬਲ ਦੀ ਦੁਕਾਨ ਚਲਾਉਂਦਾ ਹੈ ਨੇ ਦੱਸਿਆ ਕਿ ਉਸਦੇ ਗੋਦਾਮ ਨੇੜੇ ਬਾਹਰ ਤੋਂ ਆ ਕੇ ਕੁੱਝ ਨੌਜਵਾਨ ਅਵਾਰਾਗਰਦੀ ਕਰ ਰਹੇ ਸਨ। ਜਿਨ੍ਹਾਂ ਨੂੰ ਉਸ ਵੱਲੋਂ ਸਵੇਰੇ ਰੋਕਿਆ ਗਿਆ ਸੀ। ਹਮਲਾਵਰਾਂ ਨੇ ਨਾ ਸਿਰਫ਼ ਤਿਆਰ ਮਾਰਬਲ ਸਾਮਾਨ ਨੂੰ ਤਬਾਹ ਕਰ ਦਿੱਤਾ ਬਲਕਿ ਗੁਦਾਮ ਨੂੰ ਵੀ ਅੱਗ ਲਗਾ ਦਿੱਤੀ। ਬਿੰਦਰ ਕੁਮਾਰ ਮੁਤਾਬਕ ਇਹ ਹਮਲਾ ਗੁਦਾਮ ਖੇਤਰ ਵਿੱਚ ਅਵਾਰਾਗਰਦੀ ਨੂੰ ਰੋਕਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਸੀ। ਇਸ ਘਟਨਾ ਨੇ ਬਿੰਦਰ ਕੁਮਾਰ ਨੂੰ ਕਾਫ਼ੀ ਵਿੱਤੀ ਨੁਕਸਾਨ ਪਹੁੰਚਾਇਆ ਹੈ, ਜਿਸਨੂੰ ਹੁਣ ਨੁਕਸਾਨੇ ਗਏ ਗੋਦਾਮ ਦੀ ਮੁਰੰਮਤ ਅਤੇ ਤਬਾਹ ਹੋਏ ਸਮਾਨ ਨੂੰ ਮੁੜ ਤਿਆਰ ਕਰਨ ਦਾ ਖਰਚਾ ਚੁੱਕਣਾ ਪੈ ਰਿਹਾ ਹੈ। ਉਹ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਆਪਣੇ ਕਾਰੋਬਾਰ ਦੇ ਭਵਿੱਖ ਬਾਰੇ ਵੀ ਚਿੰਤਤ ਹੈ। ਬਿੰਦਰ ਕੁਮਾਰ ਨੇ ਪੁਲਿਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੇ ਗੁਦਾਮ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਮਾਮਲੇ ਸਬੰਧੀ ਜ਼ੀਰਕਪੁਰ ਡੀਐਸਪੀ ਸਬ ਡਵੀਜ਼ਨ ਜਸਪਿੰਦਰ ਸਿੰਘ ਨੇ ਪੁਲਿਸ ਨੇ ਕਿਹਾ ਕਿ ਬਿੰਦਰ ਕੁਮਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਝੁੱਗੀ ਝੌਂਪੜੀ ਵਾਲਿਆਂ ਦੀ ਵੀ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ ਅਤੇ ਪਲਾਟ ਮਾਮਲਾ ਨੂੰ ਨੋਟਿਸ ਕੱਢਣ ਲਈ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤਾਂ ਜੋ ਏਅਰਪੋਰਟ ਖੇਤਰ ਦੇ ਨਜ਼ਦੀਕ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਹੋ ਸਕੇ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾਣਗੇ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ।