Veer Bal Diwas 2023: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਾਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਦੇਸ਼ ਭਰ ਵਿੱਚ ਅੱਜ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ। ਵੀਰ ਬਾਲ ਦਿਵਸ ਮੌਕੇ ਦਿੱਲੀ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਭਾਰਤ ਮੰਡਪਮ ਵਿੱਚ ਕਰਵਾਏ ਇਸ ਪ੍ਰੋਗਰਾਮ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ।
ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਜ਼ੁਲਮ ਵਿਰੁੱਧ ਹੱਕ ਸੱਚ ਲਈ ਡਟਣ ਦਾ ਅਸਲ ਸਿਧਾਂਤ ਸਹਿਬਜ਼ਾਦੇ ਹੀ ਭਾਰਤ ਦੇ ਲੋਕਾਂ ਨੂੰ ਸਿਖਾ ਕੇ ਗਏ ਹਨ। ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਭਾਰਤ ਦੀ ਰੱਖਿਆ ਲਈ ਕੁਝ ਵੀ ਕਰਨ ਦਾ ਪ੍ਰਣ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, ਸਾਹਿਬਜ਼ਾਦੇ ਭਾਰਤੀ ਦੀ ਰੱਖਿਆ ਲਈ ਕੁਝ ਵੀ ਕਰਨ ਦੇ ਦ੍ਰਿੜ ਇਰਾਦੇ ਦਾ ਪ੍ਰਤੀਕ ਹਨ।
ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਬਹਾਦਰੀ ਦੀ ਸਿਖਰ 'ਤੇ ਉਮਰ ਮਾਇਨੇ ਨਹੀਂ ਰੱਖਦੀ। ਪੀਐੱਮ ਨਰਿੰਦਰ ਮੋਦੀ ਨੇ ਸਮਾਗਮ ਵਿੱਚ ਸੰਬੋਧਨ ਦੌਰਾਨ ਕਿਹਾ ਕਿ ਛੋਟੀ ਉਮਰ ਵਿੱਚ ਮੁਗਲ ਸਲਤਨ ਦੇ ਜ਼ਬਰ ਖਿਲਾਫ਼ ਡਟਣ ਵਾਲੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਜੋ ਭਾਰਤ ਦੇ ਲੋਕਾਂ ਨੂੰ ਕੁਰਬਾਨੀ ਦਾ ਜਜ਼ਬਾ ਸਿਖਾਇਆ।
ਉਹ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ। ਪੀਐੱਮ ਮੁਤਾਬਿਕ ਭਾਰਤ ਦੇ ਲੋਕਾਂ ਦੇ ਧਰਮ ਅਤੇ ਅਜ਼ਾਦੀ ਨੂੰ ਬਚਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪੂਰਾ ਪਰਿਵਾਰ ਸ਼ਹੀਦ ਹੋਇਆ ਅਤੇ ਭਾਰਤ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੋਲਤ ਹੀ ਆਪਣੇ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਬਚਾਉਣ ਵਿੱਚ ਸਫਲ ਰਿਹਾ।
ਮਹਾਨ ਸ਼ਹਾਦਤ ਦੇ ਇਸ ਪੰਦਰਵਾੜੇ ਨੂੰ ਮਨਾਉਣ ਲਈ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਗਾਤਾਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਨਾਗਰਿਕਾਂ ਅਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ ਜਾ ਸਕੇ।
ਛੋਟੇ ਸਾਹਿਬਜ਼ਾਦਿਆਂ ਦੀ ਜੀਵਨ ਗਾਥਾ ਅਤੇ ਕੁਰਬਾਨੀ ਨੂੰ ਬਿਆਨ ਕਰਦੀ ਇੱਕ ਡਿਜੀਟਲ ਪ੍ਰਦਰਸ਼ਨੀ ਦੇਸ਼ ਭਰ ਦੇ ਸਕੂਲਾਂ ਅਤੇ ਬਾਲ ਸੰਭਾਲ ਸੰਸਥਾਵਾਂ ਵਿੱਚ ਲਗਾਈ ਗਈ ਹੈ। ਇਸ ਤੋਂ ਇਲਾਵਾ MyBharat ਅਤੇ MyGov ਪੋਰਟਲ ਰਾਹੀਂ ਇੰਟਰਐਕਟਿਵ ਕਵਿਜ਼ ਵਰਗੇ ਵੱਖ-ਵੱਖ ਔਨਲਾਈਨ ਮੁਕਾਬਲੇ ਵੀ ਕਰਵਾਏ ਗਏ ਹਨ।
ਦੱਸ ਦਈਏ ਕਿ 9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਦੀ ਯਾਦ ਵਿੱਚ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ।
ਆਪਣੇ ਕੀਤੇ ਐਲਾਨ ਨੂੰ ਪੂਰਾ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮੌਕੇ ਦਿੱਲੀ ਵਿਖੇ ਭਾਰਤ ਮੰਡਪਮ ਵਿੱਚ ਪਹੁੰਚ ਕੇ ਸਹਿਬਾਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ।
ਇਹ ਵੀ ਪੜ੍ਹੋ: Fatehgarh Sahib News: ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜਮੇਲ ਆਰੰਭ