RCB vs PBKS IPL Final: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਫਾਈਨਲ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣਾ ਹੈ। RCB ਨੇ ਕੁਆਲੀਫਾਇਰ-1 ਮੈਚ ਵਿੱਚ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬੀ ਮੈਚ ਵਿੱਚ ਜਗ੍ਹਾ ਬਣਾਈ। ਇਸ ਦੇ ਨਾਲ ਹੀ, ਪੰਜਾਬ ਕਿੰਗਜ਼ ਨੇ ਕੁਆਲੀਫਾਇਰ-2 ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅਹਿਮਦਾਬਾਦ ਦਾ ਮੌਸਮ
ਅਕੂਵੇਦਰ ਦੇ ਅਨੁਸਾਰ, ਅੱਜ ਯਾਨੀ ਮੰਗਲਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ 64 ਪ੍ਰਤੀਸ਼ਤ ਹੈ। ਮੈਚ ਦੌਰਾਨ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਅਕੂਵੇਦਰ ਦੇ ਅਨੁਸਾਰ, ਸ਼ਾਮ ਨੂੰ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਟਾਸ ਵਿੱਚ ਵੀ ਦੇਰੀ ਹੋ ਸਕਦੀ ਹੈ।
ਮੈਚ ਨਾ ਹੋਣ ਉਤੇ ਜੇਤੂ ਐਲਾਨਣ ਲਈ ਕੀ ਹਨ ਨਿਯਮ
ਤੁਹਾਨੂੰ ਦੱਸ ਦੇਈਏ ਕਿ ਜੇਕਰ 3 ਜੂਨ ਨੂੰ ਮੀਂਹ ਜਾਂ ਕਿਸੇ ਹੋਰ ਕਾਰਨ ਕਰਕੇ ਘੱਟੋ-ਘੱਟ ਪੰਜ ਓਵਰਾਂ ਦਾ ਖੇਡ ਸੰਭਵ ਨਹੀਂ ਹੁੰਦਾ ਹੈ, ਤਾਂ ਮੈਚ ਰਿਜ਼ਰਵ ਡੇ (4 ਜੂਨ) ਵਿੱਚ ਜਾਵੇਗਾ। ਹਾਲਾਂਕਿ, BCCI ਨੇ 120 ਮਿੰਟ ਦਾ ਵਾਧੂ ਸਮਾਂ ਰੱਖਿਆ ਹੈ, ਤਾਂ ਜੋ ਨਤੀਜਾ ਇੱਕ ਦਿਨ ਵਿੱਚ ਆ ਸਕੇ। ਫਿਰ ਵੀ, ਜੇਕਰ ਨਤੀਜਾ ਨਹੀਂ ਆਉਂਦਾ ਹੈ, ਤਾਂ ਰਿਜ਼ਰਵ ਡੇ ਦੀ ਵਰਤੋਂ ਕੀਤੀ ਜਾਵੇਗੀ। ਮੈਚ ਉਥੋਂ ਸ਼ੁਰੂ ਹੋਵੇਗਾ ਜਿੱਥੋਂ ਰਿਜ਼ਰਵ ਡੇ 'ਤੇ ਰੁਕਿਆ ਸੀ। ਜੇਕਰ ਮੀਂਹ ਕਾਰਨ ਰਿਜ਼ਰਵ ਡੇਅ ਵਿੱਚ ਵਿਘਨ ਪੈਂਦਾ ਹੈ ਤੇ ਘੱਟੋ-ਘੱਟ ਪੰਜ ਓਵਰਾਂ ਦਾ ਖੇਡ ਸੰਭਵ ਨਹੀਂ ਹੁੰਦਾ ਤਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਜੇਤੂ ਦਾ ਫੈਸਲਾ ਸੁਪਰ ਓਵਰ ਦੁਆਰਾ ਕੀਤਾ ਜਾ ਸਕਦਾ ਹੈ।
ਜੇਕਰ ਸੁਪਰ ਓਵਰ ਵੀ ਸੰਭਵ ਨਹੀਂ ਹੁੰਦਾ, ਤਾਂ ਜੇਤੂ ਦਾ ਫੈਸਲਾ ਪੁਆਇੰਟ ਟੇਬਲ ਦੇ ਆਧਾਰ 'ਤੇ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸੀਜ਼ਨ ਵਿੱਚ, ਪੰਜਾਬ ਕਿੰਗਜ਼ ਪੁਆਇੰਟ ਟੇਬਲ ਵਿੱਚ ਸਿਖਰ 'ਤੇ ਸੀ, ਜਦੋਂ ਕਿ ਰਾਇਲ ਚੈਲੇਂਜਰਜ਼ ਬੰਗਲੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਯਾਨੀ ਜੇਕਰ ਮੈਚ ਮੀਂਹ ਕਾਰਨ ਖਤਮ ਹੋ ਜਾਂਦਾ ਹੈ, ਤਾਂ ਪੰਜਾਬ ਕਿੰਗਜ਼ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ। ਇਹ ਪਲੇਆਫ ਲਈ ਨਿਯਮ ਹੈ। ਆਈਪੀਐਲ ਦੀਆਂ ਖੇਡਣ ਦੀਆਂ ਸ਼ਰਤਾਂ ਦੇ ਅਨੁਸਾਰ, ਜੇਕਰ ਫਾਈਨਲ, ਐਲੀਮੀਨੇਟਰ, ਕੁਆਲੀਫਾਇਰ-1, ਕੁਆਲੀਫਾਇਰ-2 ਮੈਚ ਬਰਾਬਰ ਰਹਿੰਦਾ ਹੈ। ਜਾਂ ਜੇਕਰ ਕੋਈ ਨਤੀਜਾ ਨਹੀਂ ਨਿਕਲਦਾ, ਤਾਂ ਇਹ ਨਿਯਮ ਲਾਗੂ ਹੋਣਗੇ।
ਨਰਿੰਦਰ ਮੋਦੀ ਸਟੇਡੀਅਮ ਪਿੱਚ ਰਿਪੋਰਟ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਬੱਲੇਬਾਜ਼ੀ ਲਈ ਅਨੁਕੂਲ ਸਤ੍ਹਾ ਹੋਣ ਦੀ ਉਮੀਦ ਹੈ। ਆਈਪੀਐਲ 2025 ਵਿੱਚ ਇੱਥੇ ਖੇਡੇ ਗਏ ਅੱਠ ਮੈਚਾਂ ਵਿੱਚੋਂ ਛੇ ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ, ਹਾਲਾਂਕਿ ਪਿਛਲੇ ਮੈਚ ਵਾਂਗ, ਇਸ ਵਾਰ ਵੀ ਤ੍ਰੇਲ ਪੈਣ ਦੀ ਸੰਭਾਵਨਾ ਹੈ, ਜੋ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਲਈ ਫਾਇਦੇਮੰਦ ਹੋਵੇਗੀ। ਟਾਸ ਜਿੱਤਣ ਵਾਲੇ ਕਪਤਾਨ ਨੂੰ ਪਹਿਲਾਂ ਗੇਂਦਬਾਜ਼ੀ ਕਰਨੀ ਚਾਹੀਦੀ ਹੈ।