ADR Report: ਕੋਲਕਾਤਾ ਵਿੱਚ ਟ੍ਰੇਨੀ ਮਹਿਲਾ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਨ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਮਹਿਲਾ ਡਾਕਟਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਉੱਥੇ ਹੀ ਹਰੇ ਸੂਬੇ ਦੇ ਡਾਕਟਰਾਂ ਵੱਲੋਂ ਸਰੁੱਖਿਆ ਪ੍ਰਬੰਧਾਂ ਨੂੰ ਲੈ ਕੇ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਕਈ ਨੇਤਾਵਾਂ ਦੇ ਉੱਤੇ ਵੀ ਮਹਿਲਾਵਾਂ ਨਾਲ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦੁਨੀਆਂ ਸਾਹਮਣੇ ਨਸ਼ਰ ਕੀਤੇ ਹਨ।
ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਰਿਪੋਰਟ ਦੇ ਵਿੱਚ ਦਾ ਖੁਲਾਸਾ ਹੋਇਆ ਕੁੱਲ 151 ਆਗੂਆਂ 'ਤੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਦਰਜ ਹਨ। ਜੋ ਕਿ ਇਸ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮਾਨ ਸੰਭਾਲ ਰਹੇ ਹਨ।
ਏਡੀਆਰ ਦੀ ਰਿਪੋਰਟ ਦੇ ਮੁਤਾਬਿਕ 28 ਸੂਬਿਆਂ ਅਤੇ ਅੱਠ ਕੇਂਦਰ ਸ਼ਾਸਿਤ ਸ਼ਹਿਰਾਂ ਦੇ ਵਿੱਚ ਮੌਜੂਦਾ ਸਮੇਂ ਅੰਦਰ 776 ਵਿੱਚੋਂ 755 ਮੈਂਬਰ ਪਾਰਲੀਮੈਂਟ ਅਤੇ 4033 ਵਿੱਚੋਂ 3938 ਮੌਜੂਦਾ ਵਿਧਾਇਕਾਂ ਵੱਲੋਂ ਚੋਣਾਂ ਦੇ ਦੌਰਾਨ ਦਾਖਲ ਕੀਤੇ ਗਏ ਹਲਫੀਆ ਬਿਆਨਾਂ ਦੀ ਘੋਖ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਡਾਟਾ ਸਾਹਮਣੇ ਆਇਆ ਹੈ। ਇਹਨਾਂ ਵਿੱਚ 151 ਆਗੂ ਅਜਿਹੇ ਹਨ ਜਿਨਾਂ ਉੱਤੇ ਮਹਿਲਾਵਾਂ ਦੇ ਖਿਲਾਫ ਜੁਲਮ ਕਰਨ ਦੇ ਮਾਮਲੇ ਚੱਲ ਰਹੇ ਹਨ।
ਏਡੀਆਰ ਦੀ ਰਿਪੋਰਟ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਆਗੂ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ 54 ਮਾਮਲਿਆਂ ਨਾਲ ਸਿਖਰ 'ਤੇ ਹਨ। ਇਸ ਤੋਂ ਬਾਅਦ ਕਾਂਗਰਸ (23) ਅਤੇ ਤੇਲਗੂ ਦੇਸ਼ਮ ਪਾਰਟੀ (17) ਹਨ।
ਇਸ ਲਿਸਟ ਵਿੱਚ 16 ਮੌਜੂਦਾ ਮੈਂਬਰ ਪਾਰਲੀਮੈਂਟ ਅਤੇ 135 ਮੌਜੂਦਾ ਐਮਐਲਏ ਹਨ ਜਿਨ੍ਹਾਂ ਉੱਤੇ ਗੰਭੀਰ ਅਪਰਾਧ ਦਰਜ ਹਨ, ਇੱਥੋਂ ਤੱਕ ਕਿ 14 ਵਿਧਾਇਕਾਂ ਅਤੇ 2 ਮੈਂਬਰ ਪਾਰਲੀਮੈਂਟ ਉੱਤੇ ਮਹਿਲਾਵਾਂ ਦਾ ਬਲਾਤਕਾਰ ਕਰਨ ਦੇ ਵੀ ਇਲਜ਼ਾਮ ਹਨ। ਭਾਜਪਾ ਅਤੇ ਕਾਂਗਰਸ ਦੇ ਪੰਜ-ਪੰਜ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਸ਼ਾਮਿਲ ਹਨ। ਇਹਨਾਂ ਵਿੱਚੋਂ ਭਾਜਪਾ ਦੇ ਤਿੰਨ ਐਮਐਲਏ ਅਤੇ ਦੋ ਮੈਂਬਰ ਪਾਰਲੀਮੈਂਟ ਹਨ ਜਦੋਂ ਕਿ ਕਾਂਗਰਸ ਦੇ ਪੰਜ ਐਮਐਲਏ ਹਨ।
ਇਸ ਸੂਚੀ ਵਿੱਚ ਟੀਡੀਪੀ, ਬੀਜੇਡੀ, ਆਮ ਆਦਮੀ ਪਾਰਟੀ, ਭਾਰਤ ਆਦਿਵਾਸੀ ਪਾਰਟੀ ਦੇ ਵੀ ਇੱਕ-ਇੱਕ ਵਿਧਾਇਕ ਸ਼ਾਮਿਲ ਹਨ। ਇਸ ਲਿਸਟ ਵਿੱਚ ਪੱਛਮੀ ਬੰਗਾਲ ਸਭ ਤੋਂ ਮੋਹਰੀ ਸੂਬਾ ਹੈ ਜਿਸ ਦੇ 25 ਆਗੂ ਔਰਤਾਂ ਖਿਲਾਫ ਅਪਰਾਧਿਕ ਮਾਮਲਿਆ ਲਈ ਸ਼ਾਮਿਲ ਹਨ ਜਦੋਂ ਕਿ ਆਂਧਰਾ ਪ੍ਰਦੇਸ਼ ਦੇ 21 ਅਤੇ ਉੜੀਸਾ ਦੇ 17 ਸਿਆਸੀ ਆਗੂ ਸ਼ਾਮਿਲ ਹਨ।
ਇਸ ਮਾਮਲੇ ਨੂੰ ਲੈਕੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇਸ਼ ਅੰਦਰ 16ਵੇਂ ਨੰਬਰ ਉੱਤੇ ਹੈ। ਪੰਜਾਬ ਦੇ ਮੌਜੂਦਾ 3 ਸਿਆਸੀ ਆਗੂ ਅਜਿਹੇ ਹਨ ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ।
ਇਹਨਾਂ ਦੇ ਵਿੱਚ ਮਨਿੰਦਰ ਸਿੰਘ ਲਾਲਪੁਰਾ ਦਾ ਨਾਂ ਸ਼ਾਮਿਲ ਹੈ ਜੋ ਕਿ ਤਰਨ ਤਰਨ ਨਾਲ ਸਬੰਧਿਤ ਹੈ। 2022 ਦੌਰਾਨ ਪੰਜਾਬ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣਾਂ ਦੇ ਦੌਰਾਨ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਇਨ੍ਹਾਂ ਦੇ ਉੱਤੇ ਮਹਿਲਾ ਅਪਰਾਧ ਦੇ ਪੰਜ ਮਾਮਲੇ ਚੱਲ ਰਹੇ ਹਨ।
ਦੂਜੇ ਵਿਧਾਇਕ ਦਾ ਨਾਮ ਦਲਜੀਤ ਸਿੰਘ ਭੋਲਾ ਗਰੇਵਾਲ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹਨ। ਲੁਧਿਆਣਾ ਪੂਰਬ ਤੋਂ ਦਲਜੀਤ ਭੋਲਾ ਗਰੇਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੈ।
ਉੱਥੇ ਹੀ ਤੀਜਾ ਨਾਂ ਸੁਖਵਿੰਦਰ ਸਿੰਘ ਸਰਕਾਰੀਆ ਦਾ ਹੈ ਜੋ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਵਿਧਾਇਕ ਹਨ ਅਤੇ ਰਾਜਾਸੰਸੀ ਵਿਧਾਨ ਸਭਾ ਹਲਕੇ ਤੋਂ ਉਹ 2022 ਦੇ ਵਿੱਚ ਐਮਐਲਏ ਬਣੇ ਸਨ।