Parliament Security Breach: ਸੰਸਦ ਭਵਨ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਮਾਮਲੇ ਵਿੱਚ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਜਾਂਚ ਵਿੱਚ ਪਤਾ ਚੱਲਦਾ ਹੈ ਕਿ ਸਾਰੇ ਮੁਲਜ਼ਮ ਸੋਸ਼ਲ ਮੀਡੀਆ ਪੇਜ਼ 'ਭਗਤ ਸਿੰਘ ਫੈਨ ਕਲੱਬ' ਨਾਲ ਜੁੜੇ ਹੋਏ ਸਨ। ਤਕਰੀਬਨ ਡੇਢ ਸਾਲ ਪਹਿਲਾਂ ਸਾਰੇ ਲੋਕ ਮੈਸੂਰ ਵਿੱਚ ਮਿਲੇ ਸਨ।
ਕੁਝ ਮਹੀਨੇ ਪਹਿਲਾਂ ਇੱਕ ਵਾਰ ਦੁਬਾਰਾ ਮਿਲੇ ਸਨ। ਇਸ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਪਲਾਨ ਬਣਾਇਆ ਗਿਆ। ਜੁਲਾਈ ਵਿੱਚ ਸਾਗਰ ਲਖਨਊ ਤੋਂ ਆਇਆ ਸੀ ਪਰ ਸੰਸਦ ਭਵਨ ਦੇ ਅੰਦਰ ਨਹੀਂ ਜਾ ਪਾਇਆ ਸੀ। ਬਾਹਰ ਤੋਂ ਰੇਕੀ ਕੀਤੀ ਗਈ ਸੀ। 10 ਦਸੰਬਰ ਨੂੰ ਇੱਕ-ਇੱਕ ਕਰਕੇ ਸਾਰੇ ਆਪਣੇ ਰਾਜ ਤੋਂ ਦਿੱਲੀ ਪੁੱਜੇ ਸਨ।
ਸਾਰੇ ਲੋਕ 10 ਦਸੰਬਰ ਦੀ ਰਾਤ ਗੁਰੂਗ੍ਰਾਮ ਵਿੱਚ ਵਿੱਕੀ ਦੇ ਘਰ ਪੁੱਜੇ ਸਨ। ਦੇਰ ਰਾਤ ਲਲਿਤ ਝਾ ਵੀ ਗੁਰੂਗ੍ਰਾਮ ਪੁੱਜ ਗਿਆ ਸੀ। ਅਮੋਲ ਮਹਾਰਾਸ਼ਟਰ ਤੋਂ ਕਲਰ ਵਾਲਾ ਪਟਾਕਾ ਲੈ ਕੇ ਆਇਆ ਸੀ। ਸਾਰੇ ਲੋਕ ਇੰਡੀਆ ਗੇਟ ਉਪਰ ਮਿਲੇ ਸਨ, ਜਿਥੋਂ ਸਾਰਿਆਂ ਨੂੰ ਕਲਰ ਵਾਲਾ ਪਟਾਕਾ ਵੰਡਿਆ ਗਿਆ ਸੀ। 12 ਵਜੇ ਸੰਸਦ ਭਵਨ ਦੇ ਅੰਦਰ ਦਾਖ਼ਲ ਹੋਏ ਸਨ। ਦੋਵੇਂ ਮੁਲਜ਼ਮ ਲਲਿਤ ਬਾਹਰ ਤੋਂ ਵੀਡੀਓ ਬਣਾ ਰਿਹਾ ਸੀ।
ਜਿਸ ਤਰ੍ਹਾਂ ਹੀ ਸੰਸਦ ਭਵਨ ਵਿੱਚ ਹੰਗਾਮਾ ਹੋਇਆ ਉਹ ਲਲਿਤ ਸਾਰਿਆਂ ਦਾ ਮੋਬਾਈਲ ਲੈ ਕੇ ਭੱਜ ਗਿਆ। ਇਨ੍ਹਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਉਪਰ ਹੋਈ ਸੀ। ਫਿਰ ਆਪਸ ਵਿੱਚ ਗੱਲ ਕਰਨ ਲਈ ਇੱਕ ਐਪ ਦਾ ਇਸਤੇਮਾਲ ਕਰਨ ਲੱਗੇ ਸਨ। ਜਿਸ ਨਾਲ ਇਨ੍ਹਾਂ ਵਿੱਚ ਰਾਬਤਾ ਕਾਇਮ ਹੋ ਗਿਆ ਸੀ।
ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ, ਵਿਸਫੋਟਕ ਸਮੱਗਰੀ ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਉਹ ਦੋ ਹੋਰ ਸ਼ੱਕੀਆਂ ਦੀ ਵੀ ਭਾਲ ਕਰ ਰਹੇ ਹਨ ਜੋ ਅਜੇ ਫਰਾਰ ਹਨ। ਪੁਲਿਸ ਨੇ ਉਸ ਸੰਸਦ ਮੈਂਬਰ ਤੋਂ ਵੀ ਪੁੱਛਗਿੱਛ ਕੀਤੀ ਹੈ ਜਿਸ ਨੇ ਵਿਜ਼ਟਰ ਪਾਸ ਜਾਰੀ ਕੀਤੇ ਸਨ ਅਤੇ ਉਨ੍ਹਾਂ ਸੁਰੱਖਿਆ ਅਮਲੇ ਤੋਂ ਵੀ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਨੇ ਮੁਲਜ਼ਮਾਂ ਨੂੰ ਦਾਖ਼ਲ ਹੋਣ ਦਿੱਤਾ ਸੀ।
ਇਸ ਘਟਨਾ ਨੇ ਸੰਸਦ ਦੀ ਸੁਰੱਖਿਆ ਅਤੇ ਸੰਸਦ ਮੈਂਬਰਾਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਗ੍ਰਹਿ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਸੰਸਦ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਅਤੇ ਮਜ਼ਬੂਤ ਕਰਨ ਦਾ ਵੀ ਵਾਅਦਾ ਕੀਤਾ ਹੈ। ਵਿਰੋਧੀ ਧਿਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਉੱਚ ਪੱਧਰੀ ਜਾਂਚ ਅਤੇ ਸੁਰੱਖਿਆ ਵਿੱਚ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Parliament Security Breach: ਸੰਸਦ ਮੈਂਬਰ ਪ੍ਰਤਾਪ ਸਿਮਹਾ ਜ਼ਰੀਏ ਬਣੇ ਪਾਸ ਰਾਹੀਂ ਸੰਸਦ 'ਚ ਦਾਖ਼ਲ ਹੋਏ ਸਨ ਮੁਲਜ਼ਮ