Batala News: ਕਸ਼ਮੀਰ ਘਾਟੀ ਦੇ ਜ਼ਿਲ੍ਹਾ ਗੰਦਰਬਲ ਵਿਚ ਲੰਘੀ ਸ਼ਾਮ ਅੱਤਵਾਦੀਆਂ ਦੇ ਹਮਲੇ ਵਿਚ ਪਿੰਡ ਸੱਖੋਵਾਲ ਦੇ ਗੁਰਮੀਤ ਸਿੰਘ ਦੀ ਵੀ ਮੌਤ ਹੋ ਗਈ। ਉਸ ਦਾ ਪਿਤਾ ਧਰਮ ਸਿੰਘ ਵੀ ਫੌਜ ਵਿੱਚ ਸੇਵਾਵਾਂ ਨਿਭਾਅ ਚੁੱਕਾ ਹੈ। ਮ੍ਰਿਤਕ ਗੁਰਮੀਤ ਸਿੰਘ (38) ਆਪਣੇ ਪਿਛੇ ਮਾਂ ਬਾਪ ਤੋਂ ਇਲਾਵਾ ਪਤਨੀ, ਇਕ ਧੀ ਤੇ ਪੁੱਤ ਛੱਡ ਗਿਆ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਜੋ ਕਈ ਸਾਲਾਂ ਤੋਂ ਫ਼ੌਜ ਦੇ ਸਾਜੋ-ਸਾਮਾਨ ਨੂੰ ਇਧਰੋਂ ਉਧਰੋਂ ਕਰਨ ਲਈ ਇੱਕ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ। ਇਸ ਅੱਤਵਾਦੀਆਂ ਦੇ ਹਮਲੇ ਵਿਚ ਇੱਕ ਡਾਕਟਰ ਅਤੇ 7 ਮਜ਼ਦੂਰ ਮਾਰੇ ਗਏ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਜੰਮੂ-ਕਸ਼ਮੀਰ ਦੇ ਗੰਦਰਬਲ 'ਚ ਅੱਤਵਾਦੀਆਂ ਦੇ ਕਾਇਰਾਨਾ ਹਮਲੇ 'ਚ 7 ਲੋਕਾਂ ਦੀ ਜਾਨ ਚਲੀ ਗਈ ਸੀ। ਮਰਨ ਵਾਲਿਆਂ ਵਿਚ ਇਕ ਸਥਾਨਕ ਡਾਕਟਰ ਅਤੇ ਸੁਰੰਗ 'ਤੇ ਕੰਮ ਕਰ ਰਹੇ 6 ਮਜ਼ਦੂਰ ਸ਼ਾਮਲ ਹਨ। ਮਰਨ ਵਾਲਿਆਂ ਵਿੱਚੋਂ ਪੰਜ ਗੈਰ-ਸਥਾਨਕ ਸਨ, ਜਿਨ੍ਹਾਂ ਵਿੱਚ 2 ਅਧਿਕਾਰੀ ਵਰਗ ਅਤੇ 3 ਮਜ਼ਦੂਰ ਵਰਗ ਦੇ ਸਨ।
ਇਸ ਹਮਲੇ 'ਚ 5 ਕਰਮਚਾਰੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (SKIMS) 'ਚ ਰੈਫਰ ਕੀਤਾ ਗਿਆ ਹੈ। ਇਹ ਹਮਲਾ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਵਿੱਚ ਹੋਇਆ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅੱਤਵਾਦੀ ਹਮਲੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੱਤਵਾਦੀ ਹਮਲਾ ਰਾਤ ਕਰੀਬ 8.30 ਵਜੇ ਹੋਇਆ। ਇਸ ਸਮੇਂ ਸਾਰੇ ਕਰਮਚਾਰੀ ਖਾਣਾ ਖਾਣ ਲਈ ਮੈੱਸ ਵਿੱਚ ਇਕੱਠੇ ਹੋਏ ਸਨ।
ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਜਦੋਂ ਮੇਸ 'ਚ ਕਰਮਚਾਰੀ ਖਾਣਾ ਖਾ ਰਹੇ ਸਨ ਤਾਂ ਤਿੰਨ ਅੱਤਵਾਦੀ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫ਼ਰਾਰ ਹੋ ਗਏ। ਅੱਤਵਾਦੀਆਂ ਦੀ ਗੋਲੀਬਾਰੀ 'ਚ ਦੋ ਗੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ।