Bathinda News(ਕੁਲਬੀਰ ਬੀਰਾ): ਬਠਿੰਡਾ ਦੇ ਵਿੱਚ ਦਿਨ ਦਿਹਾੜੇ ਦੋ ਲੁਟੇਰਿਆਂ ਵੱਲੋਂ ਤਲਵਾਰ ਅਤੇ ਬੰਦੂਕ ਦੀ ਨੋਕ ਉੱਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਮਨੀ ਐਕਸਚੇਂਜਰ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਦੇ ਉੱਪਰ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਸਕੂਟਰੀ ਉੱਤੇ ਫਰਾਰ ਹੋ ਗਏ।
ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਲੁਟੇਰੇ 70 ਤੋਂ 80 ਲੱਖ ਰੁਪਏ ਨਗਦੀ ਲੈ ਗਏ ਸੀ ਅਤੇ ਲੁਟੇਰਿਆਂ ਦੇ ਵੱਲੋਂ ਹਮਲਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਵ ਰਿਹਾ ਕਿ ਕੋਈ ਸੱਟ ਨਹੀਂ ਵੱਜੀ। ਉਹਨਾਂ ਦੇ ਕੋਲ ਇੱਕ ਤਲਵਾਰ ਅਤੇ ਇੱਕ ਪਿਸਤੌਲ ਸੀ, ਜਿਸ ਦੀ ਨੋਕ ਉੱਤੇ ਉਹਨਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਐਕਟੀਵਾ ਸਵਾਰ ਦੋ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇੱਕ ਨੌਜਵਾਨ ਮਨੀ ਐਕਸਚੇਂਜਰ ਦੀ ਦੁਕਾਨ ਦੇ ਅੰਦਰ ਗਿਆ। ਉਸ ਵੱਲੋਂ ਹਥਿਆਰਾਂ ਦੀ ਨੋਕ ਤੇ ਮਨੀ ਐਕਸਚੇਂਜਰ ਤੋਂ ਕਰੀਬ 80 ਹਜ਼ਾਰ ਦੀ ਲੁੱਟ ਕੀਤੀ ਗਈ ਹੈ ਅਤੇ ਦੂਸਰਾ ਨੌਜਵਾਨ ਐਕਟਵਾ ਲੈ ਕੇ ਬਾਹਰ ਖੜਾ ਰਿਹਾ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਬੰਦ ਗਲੀ ਵਿੱਚ ਫਸ ਜਾਣ ਕਾਰਨ ਮੌਕੇ 'ਤੇ ਤਲਵਾਰ ਸੁੱਟ ਕੇ ਮੁੜ ਭੱਜਣ ਵਿੱਚ ਸਫਲ ਹੋਏ।
ਇਸ ਘਟਨਾ ਤੋਂ ਬਾਅਦ ਮਾਰਕੀਟ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਥੋਂ ਤੱਕ ਕਿ ਦੁਕਾਨਦਾਰ ਦਾ ਪਰਿਵਾਰ ਸਹਿਮ ਦੇ ਵਿੱਚ ਬਣਿਆ ਹੋਇਆ ਹੈ। ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਦੇ ਵਿੱਚ ਵੱਡਾ ਫੇਲੀਅਰ ਦੱਸਿਆ ਗਿਆ ਹੈ।
ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਦੋ ਲੁਟੇਰੇ ਸੀ, ਜਿਨਾਂ ਦੀ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਪੁਲਿਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜਲਦ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।