Amritsar News(ਭਰਤ ਸ਼ਰਮਾ): ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਆਉਂਦੇ ਪਿੰਡ ਚੰਨਨਕੇ ਵਿਖੇ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ ਦੇ ਬਾਹਰ ਇੱਕ ਨੌਜਵਾਨ ਦੀ ਤਿੰਨ ਨਕਾਬਪੋਸ਼ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਹੈ, ਜਿਸਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰ 'ਚ ਸੋਗ ਦੀ ਲਹਿਰ ਦੌੜੀ ਹੋਈ ਹੈ। ਜ਼ੀ ਮੀਡੀਆ ਦੀ ਟੀਮ ਜਦੋਂ ਮੌਕੇ 'ਤੇ ਪਹੁੰਚੀ, ਤਾਂ ਪਰਿਵਾਰਕ ਮੈਂਬਰ ਰੋ-ਰੋ ਕੇ ਬੇਹਾਲ ਸਨ। ਜੁਗਰਾਜ ਸਿੰਘ ਦੀ ਮਾਂ ਨੇ ਕਿਹਾ ਕਿ “ਮੇਰੇ ਪੁੱਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੁਲਜ਼ਮਾਂ ਨੇ ਜਿਵੇਂ ਮੇਰੇ ਪੁੱਤ ਨੂੰ ਮਾਰਿਆ ਗਿਆ, ਉਵੇਂ ਹੀ ਤਿੰਨੋਂ ਕਾਤਲਾਂ ਦਾ ਵੀ ਅੰਜਾਮ ਹੋਣਾ ਚਾਹੀਦਾ ਹੈ।”
ਪੂਰੇ ਪਿੰਡ ਵਿੱਚ ਸਦਮਾ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵੱਲੋਂ ਇਸ ਘਟਨਾਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਦਿਨ ਦਿਹਾੜੇ ਹੋਏ ਕਤਲ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਦੀ ਮੰਗ ਹੈ ਕਿ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਹਨ, ਜਿਨ੍ਹਾਂ 'ਚ ਤਿੰਨ ਹਥਿਆਰਬੰਦ ਨੌਜਵਾਨ ਮੋਟਰਸਾਈਕਲ 'ਤੇ ਗੁਰਦੁਆਰਾ ਸਾਹਿਬ ਦੇ ਨੇੜੇ ਆਉਂਦੇ ਅਤੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਰਹੇ ਹਨ।