Channi Condemns Vigilance Action: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਤੇ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਦੇ ਖਿਲਾਫ ਬੋਲਦਿਆਂ ਕਿਹਾ ਕਿ ਸਰਕਾਰ ਨਿੱਜੀ ਰੰਜਿਸ਼ਾਂ ਕੱਢ ਕੇ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਲੀਡਰਾਂ ਨੂੰ ਦਬਾਉਣਾ ਚਾਹੁੰਦੀ ਹੈ।
ਚੰਨੀ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ ਦਾ ਬਿਕਰਮ ਮਜੀਠੀਆ ਨਾਲ ਰਾਜਨੀਤਕ ਤੇ ਸਿਧਾਂਤਕ ਵਿਰੋਧ ਹੈ, ਪਰ ਵਿਜੀਲੈਂਸ ਵੱਲੋਂ ਕੀਤੀ ਗਈ ਇਹ ਕਾਰਵਾਈ ਸਿਆਸੀ ਤੇ ਨਿੱਜੀ ਵਿਰੋਧ ਤੋਂ ਇਲਾਵਾ ਕੁੱਝ ਨਹੀਂ ਹੈ। ਉਨਾਂ ਕਿਹਾ ਕਿ ਮਜੀਠੀਆ ਤੇ ਦਰਜ ਪਹਿਲਾਂ ਦੇ ਮਾਮਲੇ ਵਿੱਚ ਤਾਂ ਸਰਕਾਰ ਨੇ ਕੋਈ ਪੈਰਵਾਈ ਕੀਤੀ ਨਹੀਂ, ਪਰ ਮਜੀਠੀਆ ਤੋਂ ਮਾਫ਼ੀ ਮੰਗ ਚੁੱਕੇ ਅਰਵਿੰਦ ਕੇਜਰੀਵਾਲ ਹੁਣ ਇਹ ਕਾਰਵਾਈ ਕਰਵਾ ਕੇ ਕਿਹੜਾ ਯੁੱਧ ਨਸ਼ਿਆ ਵਿਰੁੱਧ ਲੜ ਰਹੇ ਹਨ। ਜਦ ਕਿ ਇਹ ਪਰਚਾ ਵਾਧੂ ਜਾਇਦਾਦ ਦਾ ਬਹਾਨਾ ਬਣਾ ਕੇ ਦਿੱਤਾ ਗਿਆ ਹੈ।
ਮੈਂਬਰ ਪਾਰਲੀਮੈਂਟ ਚੰਨੀ ਨੇ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੁਣ ਪਰਗਟ ਸਿੰਘ ਤੇ ਹੋਰ ਵਿਰੋਧੀ ਨੇਤਾਵਾਂ ਤੇ ਪਰਚੇ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਲਈ ਇਹ ਵਿਉਂਤਬੰਦੀ ਘੜ ਕੇ ਪਹਿਲਾਂ ਆਪਣੇ ਲੀਡਰਾਂ ਤੇ ਵੀ ਕਾਰਵਾਈ ਕਰਦੇ ਹਨ ਤੇ ਬਾਅਦ ਵਿੱਚ ਉਨਾਂ ਦੇ ਕੇਸ ਰੱਦ ਕਰ ਦਿੱਤੇ ਜਾਂਦੇ ਹਨ ਤੇ ਵਿਰੋਧੀ ਲੀਡਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਤੇ ਦਰਜ ਕੀਤੇ ਗਏ ਪਰਚਿਆਂ ਵਿੱਚ ਫੇਲ ਸਾਬਤ ਹੋ ਚੁੱਕੀ ਹੈ।
ਚੰਨੀ ਨੇ ਮਜੀਠੀਆ ਦੀ ਵਿਧਾਇਕ ਪਤਨੀ ਗਨੀਵ ਕੌਰ ਨਾਲ ਦੁਰਵਿਵਹਾਰ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਤੇ ਇਹ ਹਰਕਤ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਹੈ। ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁਖੀ ਵਜੋਂ ਕੰਮ ਕਰ ਰਿਹਾ ਹੈ ਤੇ ਦਿੱਲੀ ਦੇ ਲੀਡਰਾਂ ਨੂੰ ਸੂਬੇ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਇਹ ਪੰਜਾਬ ਰਾਜ ਲਈ ਖ਼ਤਰੇ ਦੀ ਘੰਟੀ ਹੈ।