Delhi Suicide News: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਸਨਸਨੀਖੇਜ਼ ਤੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕੋ ਪਰਿਵਾਰ ਦੇ ਪੰਜ ਲੋਕਾਂ ਨੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸੜੀ ਹਾਲਤ ਵਿੱਚ ਲਾਸ਼ਾਂ ਬਰਾਮਦ ਕੀਤੀਆਂ ਹਨ।
ਜਾਣਕਾਰੀ ਮੁਤਾਬਕ ਵਸੰਤ ਕੁੰਜ ਦੇ ਪਿੰਡ ਰੰਗਪੁਰੀ 'ਚ ਇੱਕੋ ਪਰਿਵਾਰ ਦੇ 5 ਲੋਕਾਂ ਨੇ ਖੁਦਕੁਸ਼ੀ ਕਰ ਲਈ। ਇਕ ਵਿਅਕਤੀ ਅਤੇ ਉਸ ਦੀਆਂ ਚਾਰ ਧੀਆਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਗੁਆਂਢੀਆਂ ਅਤੇ ਮਕਾਨ ਮਾਲਕ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਫਲੈਟ ਦਾ ਤਾਲਾ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਫਿਲਹਾਲ ਪੁਲਿਸ ਜਾਂਚ 'ਚ ਜੁਟੀ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਹੀਰਾਲਾਲ ਸ਼ਰਮਾ ਪੁੱਤਰ ਮਰਈ ਲਾਲ ਸ਼ਰਮਾ (46) ਵਾਸੀ ਸੀ-4 ਤੀਜੀ ਮੰਜ਼ਿਲ ਖੰਭਾ ਨੰਬਰ 678 ਚੌਹਾਨ ਮੁਹੱਲਾ ਟੋਲਕੋ ਦੇ ਕੋਲ ਰੰਗਪੁਰੀ ਦਿੱਲੀ ਅਤੇ ਉਨ੍ਹਾਂ ਦੀ ਬੇਟੀਆਂ ਉਮਰ ਨੀਤੂ (26), ਨਿੱਕੀ (24), ਨੀਰੂ (23) ਅਤੇ ਨਿਧੀ (20) ਦੇ ਰੂਪ ਵਿੱਚ ਹੋਈ ਹੈ। ਗੁਆਂਢੀਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਵਿੱਚ ਪਤਾ ਚੱਲਿਆ ਕਿ ਮ੍ਰਿਤਕ ਹੀਰਾਲਾਲ ਦੀ ਪਤਨੀ ਦੀ ਕਰੀਬ ਇਕ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ।
ਮ੍ਰਿਤਕ ਪਿਛਲੇ 28 ਸਾਲਾਂ ਤੋਂ ਇੰਡੀਅਨ ਸਪਾਈਨਲ ਇੰਜਰੀ ਬਸੰਤ ਕੁੰਜ ਨਵੀਂ ਦਿੱਲੀ ਵਿੱਚ ਤਾਇਨਾਤ ਸੀ। ਉਹ 25000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। ਹਾਲਾਂਕਿ ਜਨਵਰੀ 2024 ਤੋਂ ਉਹ ਉਥੇ ਆਪਣੀ ਡਿਊਟੀ ਉਤੇ ਨਹੀਂ ਜਾ ਰਿਹਾ ਸੀ। ਇਸ ਤੋਂ ਇਲਾਵਾ ਉਸ ਦੀਆਂ ਬੇਟੀਆਂ ਨੀਰੂ ਅਤੇ ਸਭ ਤੋਂ ਛੋਟੀ ਬੇਟੀ ਦਿਵਿਆਂਗ ਹੈ। ਮ੍ਰਿਤਕ ਦੇ ਭਰਾ ਮੋਹਨ ਸ਼ਰਮਾ ਅਤੇ ਉਸ ਦੀ ਭਾਬੀ ਗੁਡੀਆ ਸ਼ਰਮਾ ਘਟਨਾ ਸਥਾਨ ਉਤੇ ਪੁੱਜੇ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪਰਿਵਾਰਕ ਮਾਮਲਿਆਂ ਵਿੱਚ ਰੂਚੀ ਲੈਣਾ ਬੰਦ ਕਰ ਦਿੱਤਾ ਸੀ ਅਤੇ ਹਮੇਸ਼ਾ ਕਿਸੇ ਨਾ ਕਿਸੇ ਹਸਪਤਾਲ ਵਿੱਚ ਆਪਣੀਆਂ ਬੇਟੀਆਂ ਦੇ ਇਲਾਜ ਵਿੱਚ ਰੁੱਝਿਆ ਰਹਿੰਦਾ ਸੀ। ਬੇਟੀਆ ਸ਼ਾਇਦ ਹੀ ਕਦੇ ਆਪਣੇ ਕਮਰੇ ਤੋਂ ਬਾਹਰ ਨਿਕਲਦੀਆਂ ਸਨ। ਮ੍ਰਿਤਕ ਅਤੇ ਉਸ ਦੇ ਪਰਿਵਾਰ ਨੂੰ ਆਖਰੀ ਵਾਰ 24 ਸਤੰਬਰ ਨੂੰ ਗੁਆਂਢੀਆਂ ਨੇ ਦੇਖਿਆ ਸੀ।
ਸਫਦਰਜੰਗ ਹਸਪਤਾਲ ਤੋਂ ਫੋਰੈਂਸਿਕ ਵਿਭਾਗ ਦੇ ਸੀਨੀਅਰ ਡਾਕਟਰਾਂ ਦੀ ਟੀਮ ਨੂੰ ਘਟਨਾ ਸਥਾਨ ਅਤੇ ਲਾਸ਼ਾਂ ਦਾ ਮੁਆਇਨਾ ਕਰਨ ਲਈ ਬੁਲਾਇਆ ਗਿਆ ਸੀ। ਲਾਸ਼ਾਂ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਮਿਲਿਆ, ਹਾਲਾਂਕਿ, ਘਰ ਦੇ ਅੰਦਰੋਂ ਸੈਲਫੋਸ ਜ਼ਹਿਰ ਦੇ ਤਿੰਨ ਪੈਕਟ ਅਤੇ ਸ਼ੱਕੀ ਤਰਲ ਨਾਲ ਭਰੇ 5 ਗਲਾਸ ਅਤੇ ਇੱਕ ਚਮਚਾ ਮਿਲਿਆ ਹੈ। ਪੁਲਿਸ ਨੇ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ਾਂ ਦੇ ਪੋਸਟਮਾਰਟਮ ਲਈ ਮੈਡੀਕਲ ਬੋਰਡ ਗਠਿਤ ਕਰ ਦਿੱਤਾ ਗਿਆ ਹੈ ਤੇ ਹਰ ਪਹਿਲੂ ਤੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Saheed Bhagat Singh Birthday: ਸੀਐਮ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਦਿੱਤੀਆਂ ਵਧਾਈਆਂ; ਕੁਰਬਾਨੀ ਨੂੰ ਕੀਤਾ ਯਾਦ