Faridkot News: ਸੂਬੇ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੀ.ਆਈ.ਏ ਸਟਾਫ ਫਰੀਦਕੋਟ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਕਰ ਰਹੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਕੋਲੋਂ 1 ਕਿੱਲੋ 23 ਗ੍ਰਾਮ ਹੈਰੋਇਨ, 50,000 ਰੁਪਏ ਡਰੱਗ ਮਨੀ, ਅਤੇ ਕਰੇਟਾ ਕਾਰ ਬਰਾਮਦ ਕੀਤੀ ਗਈ।
ਇਹ ਜਾਣਕਾਰੀ ਡੀ.ਐਸ.ਪੀ (ਸ:ਡ) ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਇੰਸਪੈਕਟਰ ਅਮਰਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਥਾਣੇਦਾਰ ਚਰਨਜੀਤ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਕੀਤੀ ਗਈ। ਪੁਲਿਸ ਨੇ ਗਸ਼ਤ ਦੌਰਾਨ ਐਨ.ਐਚ-54 ਨੇੜੇ ਚੰਦਬਾਜਾ ਚੌਕੀ ਉੱਤੇ ਇੱਕ ਸ਼ੱਕੀ ਚਿੱਟੀ ਕਰੇਟਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਕਾਰ ਸਵਾਰ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਉਪਰੰਤ ਪੁਲਿਸ ਨੇ ਦੋਸ਼ੀਆਂ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਬਿੱਟੂ ਸਿੰਘ, ਵਾਸੀ ਪਿੰਡ ਦੋਨਾ ਭਦਰੂ, ਜਿਲਾ ਫਿਰੋਜਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਮੇਜਰ ਸਿੰਘ, ਵਾਸੀ ਪਿੰਡ ਮੇਘਾ ਪੰਜਗਰਾਈ, ਜਿਲਾ ਫਿਰੋਜਪੁਰ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21(ਸੀ)/61/85 ਤਹਿਤ ਮੁਕੱਦਮਾ ਨੰਬਰ 176 ਮਿਤੀ 22-07-2025 ਦਰਜ ਕੀਤਾ ਗਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਸਰਹੱਦੀ ਇਲਾਕਿਆਂ ਰਾਹੀਂ ਹੈਰੋਇਨ ਦੀ ਤਸਕਰੀ ਕਰਦੇ ਸਨ ਅਤੇ ਨਸ਼ਾ ਅੱਗੇ ਹੋਰ ਸਪਲਾਈ ਕੀਤਾ ਜਾਂਦਾ ਸੀ। ਦੋਨਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਹੋਰ ਗੰਭੀਰ ਮਾਮਲਿਆਂ ਤਹਿਤ ਇਕ-ਇਕ ਮੁਕੱਦਮਾ ਦਰਜ ਹੈ।
ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਗੰਭੀਰ ਜਾਂਚ ਕੀਤੀ ਜਾ ਰਹੀ ਹੈ।