Gold Price Today: ਧਨਤੇਰਸ ਦਾ ਸ਼ੁਭ ਦਿਨ ਮੰਗਲਵਾਰ ਹੈ। ਦੀਵਾਲੀ ਤੋਂ ਦੋ ਦਿਨ ਪਹਿਲਾਂ ਮਨਾਇਆ ਜਾਣ ਵਾਲਾ ਦਿਨ ਬਹੁਤ ਖਾਸ ਹੁੰਦਾ ਹੈ। ਇਸ ਨੂੰ ਖੁਸ਼ਹਾਲੀ,ਸੁੱਖ ਤੇ ਸਮ੍ਰਿਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਧਨਤੇਰਸ ਨੂੰ ਧਨ ਤ੍ਰਯੋਦਸ਼ੀ ਤੇ ਧਨਵੰਤਰੀ ਜੈਅੰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਧਨਤੇਰਸ ਦਾ ਸ਼ੁਭ ਸਮਾਂ ਅੱਜ ਸਵੇਰੇ 10.31 ਵਜੇ ਤੋਂ ਸ਼ੁਰੂ ਹੋਵੇਗਾ।
ਧਨਤੇਰਸ ਦੇ ਦਿਨ 29 ਅਕਤੂਬਰ ਨੂੰ ਅੱਜ ਸੋਨਾ ਸਸਤਾ ਹੋ ਗਿਆ ਹੈ। ਸੋਨੇ ਦੀ ਕੀਮਤ 'ਚ 500 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਪੂਰੇ ਦੇਸ਼ ਵਿਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਧਨਤੇਰਸ ਦੇ ਦਿਨ ਸੋਨਾ, ਚਾਂਦੀ ਅਤੇ ਭਾਂਡੇ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹੇ 'ਚ 24 ਕੈਰੇਟ ਸੋਨੇ ਦੀ ਕੀਮਤ 'ਚ ਗਿਰਾਵਟ ਆਮ ਲੋਕਾਂ ਲਈ ਰਾਹਤ ਵਾਲੀ ਗੱਲ ਹੈ। 24 ਕੈਰੇਟ ਸੋਨੇ ਦੀ ਕੀਮਤ 79,000 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ ਲਗਪਗ 73,000 ਰੁਪਏ ਹੈ। ਧਨਤੇਰਸ 'ਤੇ ਚਾਂਦੀ ਦਾ ਭਾਅ 97,900 ਰੁਪਏ ਹੈ। IBJA ਦੀ ਵੈੱਬਸਾਈਟ ਮੁਤਾਬਕ ਧਨਤੇਰਸ ਕਾਰਨ ਅੱਜ 24 ਕੈਰੇਟ ਸੋਨੇ ਦੀ ਕੀਮਤ 78,245 ਪ੍ਰਤੀ 10 ਗ੍ਰਾਮ ਹੈ।
ਕਿਉਂ ਵਧ ਰਹੀਆਂ ਸੋਨੇ ਦੀਆਂ ਕੀਮਤਾਂ ?
ਭਾਰਤ 'ਚ ਮੌਸਮੀ ਮੰਗ ਤੇ ਪੱਛਮੀ ਏਸ਼ੀਆ ਸੰਘਰਸ਼ ਤੋਂ ਭੂ-ਸਿਆਸੀ ਜੋਖ਼ਮ ਵਰਗੇ ਕਈ ਹੋਰ ਕਾਰਕਾਂ ਦਾ ਪ੍ਰਭਾਵ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਜੁਲਾਈ 'ਚ ਸਰਕਾਰ ਵੱਲੋਂ ਸੋਨੇ ਅਤੇ ਹੋਰ ਧਾਤਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਕਰਨ ਤੋਂ ਬਾਅਦ ਸਥਾਨਕ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸੱਤ ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਹੁਣ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਕਾਰਨ ਮੰਗ ਵਧਣ ਲੱਗੀ ਹੈ।
ਇਹ ਕਾਰਕ ਸੋਨੇ ਲਈ ਮਹੱਤਵਪੂਰਨ ਹਨ
ਬ੍ਰੋਕਰੇਜ ਫਰਮ ਨੇ ਕਿਹਾ ਕਿ ਸਰਾਫਾ ਬਾਜ਼ਾਰ ਲਈ ਮਹੱਤਵਪੂਰਨ ਟਰਿੱਗਰ ਵਿੱਤੀ ਦਬਾਅ ਹੈ, ਜਿਸ ਵਿੱਚ ਅਗਲੇ 3 ਸਾਲਾਂ ਵਿੱਚ ਅਮਰੀਕਾ ਦਾ ਰਾਸ਼ਟਰੀ ਕਰਜ਼ਾ ਇੱਕ ਨਵੀਂ ਸਿਖਰ 'ਤੇ ਪਹੁੰਚ ਜਾਵੇਗਾ। ਇਸ 'ਤੇ ਵਿਆਜ ਦਾ ਭੁਗਤਾਨ ਵਧੇਗਾ, ਜਿਸ ਨਾਲ ਜੀਡੀਪੀ 'ਚ ਇਸ ਦਾ ਹਿੱਸਾ ਵਧੇਗਾ। ਮੱਧ ਪੂਰਬ ਵਿੱਚ ਤਣਾਅ ਕੀਮਤਾਂ ਨੂੰ ਵੀ ਪ੍ਰਭਾਵਿਤ ਕਰੇਗਾ। ਇਸ ਤੋਂ ਇਲਾਵਾ, ਕੇਂਦਰੀ ਬੈਂਕਾਂ ਨੇ ਵੀ ਮੁਦਰਾ ਭੰਡਾਰ ਅਤੇ ਸੋਨੇ ਦੀ ਹੋਲਡਿੰਗ ਦੇ ਸਬੰਧ ਵਿੱਚ ਰਣਨੀਤਕ ਬਦਲਾਅ ਕੀਤੇ ਹਨ।