Harsimrat Kaur Badal tied Rakhi to Bikram Singh Majithia: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਦੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਰੱਖੜੀ ਬੰਨ ਆਪਣੇ ਭਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਜੇਲ ਤੋਂ ਬਾਹਰ ਆਉਂਦਿਆਂ ਹਰਸਿਮਰਤ ਕੌਰ ਨੇ ਮੀਡੀਆ ਦੇ ਨਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਗੇਟ ਦੇ ਬਾਹਰ ਕਾਫੀ ਸਮਾਂ ਖੜਾ ਕੇ ਰੱਖਿਆ ਅਤੇ ਮੈਂ ਇੰਤਜ਼ਾਰ ਕੀਤਾ। ਉਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ। ਸਿਰਫ 15 ਮਿੰਟ ਹੀ ਮੈਨੂੰ ਮੇਰੇ ਭਰਾ ਨੂੰ ਮਿਲਣ ਦਿੱਤਾ ਉਹ ਬੜੇ ਖੁਸ਼ ਸਨ।
ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਦੇ ਉੱਪਰ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਪੰਜਾਬ ਦੀ ਮੌਜੂਦਾ ਸਰਕਾਰ ਲੰਬੇ ਸਮੇਂ ਤੋਂ ਕਰ ਰਹੀ ਹੈ, ਜਿਸ ਦਾ ਜਵਾਬ ਲੋਕ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਿਕਰਮ ਮਜੀਠੀਆ ਤੋਂ ਡਰ ਰਹੀ ਹੈ, ਜਿਸ ਕਰਕੇ ਉਨ੍ਹਾਂ ਖਿਲਾਫ਼ ਕਥਿਤ ਝੂਠੇ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਸਰਕਾਰ ਦੇ ਖਿਲਾਫ ਲਗਾਤਾਰ ਬੋਲ ਰਹੇ ਸਨ, ਜਿਸ ਕਰਕੇ ਉਹਨਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਅਤੇ ਉਹ ਜੇਲ ਤੋਂ ਬਾਹਰ ਆ ਕੇ ਸਰਕਾਰ ਖਿਲਾਫ਼ ਮੁੜ ਆਵਾਜ਼ ਚੁੱਕਣਗੇ।