Khanna News: ਖੰਨਾ ਤੋਂ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 7 ਮਹੀਨੇ ਦੀ ਗਰਭਵਤੀ ਔਰਤ ਆਪਣੇ ਪਤੀ ਦੀ ਜ਼ਮਾਨਤ ਅਤੇ ਆਪਣੀ ਡਿਲੀਵਰੀ ਲਈ ਪੈਸੇ ਜੋੜਣ ਦੇ ਲਈ ਨਸ਼ੇ ਦੀ ਸਪਲਾਈ ਕਰ ਰਹੀ ਸੀ। ਪੁਲਿਸ ਨੇ ਮਾਹੀ ਰਾਜਪੂਤ ਨਾਂ ਦੀ ਇਸ ਔਰਤ ਨੂੰ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਲ ਮਿਲ ਕੇ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੋਹਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਤੀ ਡਕੈਤੀ ਦੇ ਕੇਸ 'ਚ ਜੇਲ੍ਹ 'ਚ ਬੰਦ
ਮਾਹੀ ਰਾਜਪੂਤ, ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਹੈ। ਉਸਦਾ ਪਤੀ ਅਰਸ਼ਦੀਪ ਸਿੰਘ ਇੱਕ ਮਹੀਨਾ ਪਹਿਲਾਂ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ। ਪਤੀ ਦੀ ਗ਼ੈਰਮੌਜੂਦਗੀ ਵਿਚ ਘਰ ਦੇ ਖਰਚਿਆਂ ਅਤੇ ਡਿਲੀਵਰੀ ਦੇ ਖਰਚੇ ਪੂਰੇ ਕਰਨ ਲਈ ਮਾਹੀ ਨੇ ਸੁਖਵਿੰਦਰ ਨਾਲ ਮਿਲ ਕੇ ਚਿੱਟਾ ਵੇਚਣਾ ਸ਼ੁਰੂ ਕੀਤਾ।
ਨਾਕਾਬੰਦੀ ਦੌਰਾਨ ਹੋਈ ਗ੍ਰਿਫ਼ਤਾਰੀ
ਡੀਐਸਪੀ ਅੰਮ੍ਰਿਤਪਾਲ ਸਿੰਘ ਮੁਤਾਬਕ, ਥਾਣਾ ਸਿਟੀ ਖੰਨਾ ਦੇ ਏਐਸਆਈ ਪ੍ਰਗਟ ਸਿੰਘ ਆਪਣੀ ਟੀਮ ਸਮੇਤ ਮੁੱਖ ਗੇਟ ਨੇੜੇ ਨਾਕਾਬੰਦੀ 'ਤੇ ਮੌਜੂਦ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ਉੱਤੇ ਸਵਾਰ ਸੁਖਵਿੰਦਰ ਅਤੇ ਪਿੱਛੇ ਬੈਠੀ ਮਾਹੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਸੁਖਵਿੰਦਰ ਨੇ ਨਾਕਾ ਵੇਖਦੇ ਹੀ ਮੁੜਨ ਦੀ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਕਾਰਨ ਰੁਕ ਗਿਆ। ਓਸ ਨੇ ਜੇਬ ਵਿਚੋਂ ਪਾਰਦਰਸ਼ੀ ਲਿਫਾਫਾ ਕੱਢ ਕੇ ਮਾਹੀ ਨੂੰ ਦੇ ਦਿੱਤਾ। ਮਾਹੀ ਨੇ ਘਬਰਾ ਕੇ ਓਹ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਦੋਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਲਿਫਾਫੇ ਦੀ ਜਾਂਚ ਕਰਨ ’ਤੇ 15 ਗ੍ਰਾਮ ਹੈਰੋਇਨ ਮਿਲੀ।
ਨੈੱਟਵਰਕ ਦੀ ਜਾਂਚ ਜਾਰੀ
ਪੁਲਿਸ ਦੋਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਪੁਲਿਸ ਮੰਨ ਰਹੀ ਹੈ ਕਿ ਇਹ ਸਿਰਫ਼ ਇਕੱਲਾ ਮਾਮਲਾ ਨਹੀਂ, ਸਗੋਂ ਨਸ਼ਾ ਸਪਲਾਈ ਦੀ ਵੱਡੀ ਲੜੀ ਦਾ ਹਿੱਸਾ ਹੋ ਸਕਦਾ ਹੈ।