Microsoft outage: ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ‘ਤੇ ਸੇਵਾਵਾਂ ਠੱਪ ਹੋ ਗਈਆਂ ਹਨ। ਏਅਰਲਾਈਨਜ਼ ਦੇ ਸਰਵਰ ‘ਚ ਖਰਾਬੀ ਕਾਰਨ ਅਜਿਹਾ ਹੋਇਆ। ਇਸ ਕਾਰਨ ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਹਨ। ਟਿਕਟ ਬੁਕਿੰਗ ਤੋਂ ਲੈ ਕੇ ਚੈੱਕ-ਇਨ ਤੱਕ ਸਮੱਸਿਆਵਾਂ ਹਨ। ਮਾਈਕ੍ਰੋਸਾਫਟ ਦੇ ਸਰਵਰ ‘ਚ ਖਰਾਬੀ ਕਾਰਨ ਅਜਿਹਾ ਹੋ ਰਿਹਾ ਹੈ। ਸਪਾਈਸਜੈੱਟ, ਇੰਡੀਗੋ, ਅਕਾਸਾ ਏਅਰਲਾਈਨਜ਼ ਨੇ ਤਕਨੀਕੀ ਖਰਾਬੀ ਦੀ ਜਾਣਕਾਰੀ ਦਿੱਤੀ ਹੈ।
ਏਅਰਪੋਰਟ ਦੇ ਨਾਲ-ਨਾਲ ਇਸ ਦਾ ਅਸਰ ਬੈਂਕਾਂ ਅਤੇ ਸਟਾਕ ਐਕਸਚੇਂਜ ‘ਤੇ ਵੀ ਪਿਆ ਹੈ। ਇੱਥੋਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਦਿੱਲੀ, ਮੁੰਬਈ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ ‘ਤੇ ਕੰਮਕਾਜ ਪ੍ਰਭਾਵਿਤ ਹੋਇਆ ਹੈ।ਯੂਨਾਈਟਿਡ ਅਤੇ ਅਮਰੀਕਨ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ।
ਯੂਐਸ ਫਰੰਟੀਅਰ ਏਅਰਲਾਈਨਜ਼ ਸਭ ਤੋਂ ਜਿਆਦਾ ਪ੍ਰਭਾਵਤ
ਮਾਈਕ੍ਰੋਸਾਫਟ ਦੇ ਸਰਵਰ ‘ਚ ਗੜਬੜੀ ਕਾਰਨ ਅਮਰੀਕਾ ਦੀ ਫਰੰਟੀਅਰ ਏਅਰਲਾਈਨਜ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ। ਫਰੰਟੀਅਰ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ 131 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। 200 ਤੋਂ ਵੱਧ ਉਡਾਣਾਂ ਲੇਟ ਹੋਈਆਂ ਹਨ। ਇਸ ਗੜਬੜੀ ਕਾਰਨ ਅਮਰੀਕੀ ਐਮਰਜੈਂਸੀ ਸੇਵਾ ਵੀ ਪ੍ਰਭਾਵਿਤ ਹੋਈ ਹੈ।
ਅਸੀਂ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਕਰ ਰਹੇ ਹਾਂ- Microsoft
ਸਰਵਰ ‘ਚ ਗੜਬੜੀ ‘ਤੇ ਮਾਈਕ੍ਰੋਸਾਫਟ ਦਾ ਬਿਆਨ ਸਾਹਮਣੇ ਆਇਆ ਹੈ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਅਸੀਂ ਸੇਵਾਵਾਂ ‘ਚ ਲਗਾਤਾਰ ਸੁਧਾਰ ਕਰ ਰਹੇ ਹਾਂ। ਅਸੀਂ ਇਸ ਮੁੱਦੇ ਤੋਂ ਜਾਣੂ ਹਾਂ। ਅਸੀਂ ਕਈ ਟੀਮਾਂ ਤਾਇਨਾਤ ਕੀਤੀਆਂ ਹਨ। ਅਸੀਂ ਇਸ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ।