Fastag Annual Pass: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਹਾਈਵੇਅ 'ਤੇ ਯਾਤਰਾ ਨੂੰ ਆਸਾਨ ਅਤੇ ਟੋਲ ਫੀਸ ਦਾ ਬੋਝ ਘਟਾਉਣ ਲਈ ਲਈ ਨਵਾਂ ਫਾਸਟੈਗ-ਅਧਾਰਤ ਸਾਲਾਨਾ ਪਾਸ ਬਣਾਉਣ ਦਾ ਐਲਾਨ ਕੀਤਾ ਹੈ। ਇਹ ਪਾਸ ਨਿੱਜੀ ਗੈਰ-ਵਪਾਰਕ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਹੋਵੇਗਾ। ਇਸ ਨਾਲ ਰੋਜ਼ਾਨਾ ਜਾਂ ਵਾਰ-ਵਾਰ ਟੋਲ-ਪਲਾਜ਼ਾ ਲੰਘਣ ਵਾਲੇ ਵਾਹਨਾਂ ਨੂੰ ਵੱਡਾ ਫਾਇਦਾ ਪੁੱਜੇਗਾ।
ਇਸ ਕਿਸਮ ਦੇ ਪਾਸ ਦੀ ਵਰਤੋਂ ਕਿਸੇ ਵੀ ਵਪਾਰਕ ਛੋਟੇ ਵਾਹਨ, ਟਰੱਕ ਜਾਂ ਬੱਸ ਲਈ ਨਹੀਂ ਕੀਤੀ ਜਾ ਸਕਦੀ। ਸੋਸ਼ਲ ਮੀਡੀਆ 'ਤੇ ਇਸਦਾ ਐਲਾਨ ਕਰਦੇ ਹੋਏ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਪਾਸ ਦੀ ਕੀਮਤ ਇੱਕ ਸਾਲ ਲਈ 3,000 ਰੁਪਏ ਹੋਵੇਗੀ ਅਤੇ ਇਹ 15 ਅਗਸਤ, 2025 ਤੋਂ ਲਾਗੂ ਹੋਵੇਗੀ।
ਪਾਸ ਕਿੰਨੇ ਸਮੇਂ ਲਈ ਵੈਧ ਰਹੇਗਾ?
ਇਹ ਪਾਸ 200 ਟ੍ਰਿਪਸ ਲਈ ਜਾਂ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਲਈ ਵੈਧ ਹੋਵੇਗਾ, ਜੋ ਵੀ ਪਹਿਲਾਂ ਪੂਰਾ ਹੋ ਜਾਵੇ। ਇਹ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੋਵੇਗਾ ਜੋ ਟੋਲ ਪਲਾਜ਼ਾ ਦੇ ਆਲੇ-ਦੁਆਲੇ ਰਹਿੰਦੇ ਹਨ ਮਤਲਬ 60 ਕਿਲੋਮੀਟਰ ਦੇ ਘੇਰੇ ਵਿੱਚ ਅਤੇ ਰੋਜ਼ਾਨਾ ਆਉਣ-ਜਾਣ ਦੀ ਯਾਤਰਾ ਕਰਦੇ ਹਨ।
ਕਿਸ ਨੂੰ ਮਿਲੇਗਾ ਫਾਇਦਾ
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਸਭ ਤੋਂ ਵੱਧ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਯਾਤਰਾ ਕਰਨ ਲਈ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ਦੀ ਵਰਤੋਂ ਕਰਦੇ ਹਨ। ਮੌਜੂਦਾ ਪ੍ਰਣਾਲੀ ਵਿੱਚ, ਲੋਕਾਂ ਨੂੰ ਆਪਣਾ ਫਾਸਟੈਗ ਵਾਰ-ਵਾਰ ਰੀਚਾਰਜ ਕਰਨਾ ਪੈਂਦਾ ਹੈ, ਜਿਸ ਲਈ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਟੋਲ ਵਜੋਂ ਅਦਾ ਕਰਨੇ ਪੈਂਦੇ ਹਨ। ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ, ਲੋਕ ਸਿਰਫ਼ ਤਿੰਨ ਹਜ਼ਾਰ ਰੁਪਏ ਵਿੱਚ ਰੀਚਾਰਜ ਕੀਤੇ ਬਿਨਾਂ ਇੱਕ ਸਾਲ ਤੱਕ ਯਾਤਰਾ ਕਰ ਸਕਣਗੇ। ਇਸ ਤੋਂ ਇਲਾਵਾ, ਟੋਲ ਬੂਥਾਂ 'ਤੇ ਕਤਾਰਾਂ ਵੀ ਘੱਟ ਜਾਣਗੀਆਂ, ਜਿਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ।
ਪਾਸ ਕਿੱਥੋਂ ਪ੍ਰਾਪਤ ਕਰਨਾ ਹੈ?
ਇਸ ਸਾਲਾਨਾ ਪਾਸ ਨੂੰ ਪ੍ਰਾਪਤ ਕਰਨ ਲਈ 'ਹਾਈਵੇ ਯਾਤਰਾ' ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਾਲ ਹੀ, ਇਹ ਸਹੂਲਤ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਅਤੇ ਸੜਕ ਆਵਾਜਾਈ ਮੰਤਰਾਲੇ ਦੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਵੀ ਉਪਲਬਧ ਕਰਵਾਈ ਜਾਵੇਗੀ। ਲਾਂਚ ਤੋਂ ਪਹਿਲਾਂ ਐਕਟੀਵੇਸ਼ਨ ਅਤੇ ਰੀਨਿਊਅਲ ਲਈ ਇੱਕ ਵੱਖਰਾ ਲਿੰਕ ਜਾਰੀ ਕੀਤਾ ਜਾਵੇਗਾ।