Faridkot News: ਫ਼ਰੀਦਕੋਟ ਸ਼ਹਿਰ ਅੰਦਰ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਦਿਨ ਪਹਿਲਾਂ ਗੱਲ ਕਰੀਏ ਤਾਂ ਫ਼ਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਸ਼ਰੇਆਮ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਅੱਜ ਮੁੜ ਤੋਂ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ।
ਅੱਜ ਦੁਪਹਿਰ ਕੋਟਕਪੁਰਾ ਰੋਡ ਉੱਤੇ ਗੁਰਲੀਨ ਸਿੰਘ ਨਾਮਕ ਇੱਕ ਗਰੁੱਪ ਦਾ ਬੰਦਾ ਜਦੋਂ ਆਪਣੀ ਕਾਰ ਉੱਤੇ ਜਾ ਰਿਹਾ ਸੀ ਤਾਂ ਉਸ ਉੱਤੇ 10 ਤੋਂ 15 ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ। ਜਿਸ ਹਮਲੇ ਦੇ ਦੌਰਾਨ ਉਸਦੀ ਕਾਰਨ ਨੂੰ ਬੁਰੀ ਤਰ੍ਹਾਂ ਤੋੜ ਭੰਨ ਦਿੱਤਾ ਅਤੇ ਨਾਲ ਹੀ ਹਮਲਾਵਰਾਂ ਵੱਲੋਂ ਉਸ ਵਿਅਕਤੀ ਉੱਤੇ ਫਾਇਰ ਵੀ ਕੀਤਾ ਗਿਆ। ਫਿਲਹਾਲ ਜਿਹੜੀ ਸੂਚਨਾ ਮਿਲੀ ਹੈ ਉਸ ਮੁਤਾਬਿਕ ਕਾਰ ਸਵਾਰ ਵੱਲੋਂ ਆਪਣੇ ਬਚਾਅ ਵਿੱਚ ਜਵਾਬੀ ਫਾਇਰ ਵੀ ਕੀਤਾ ਗਿਆ ਪਰ ਇਸ ਨੂੰ ਲੈ ਕੇ ਹਾਲੇ ਪੁਲਿਸ ਕੁਝ ਵੀ ਸਪਸ਼ਟ ਨਹੀਂ ਦੱਸ ਰਹੀ।
ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਉੱਤੇ ਪੁੱਜੀ ਸੀ ਜਿਸ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਇਸ ਹਮਲੇ ਦੇ ਦੌਰਾਨ ਦੋਨਾਂ ਧਿਰਾਂ ਦਾ ਇੱਕ-ਇੱਕ ਵਿਅਕਤੀ ਜ਼ਖਮੀ ਹੋਇਆ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਾਇਆ।
ਦੂਜੇ ਪਾਸੇ ਪੁਲਿਸ ਨੇ ਦਾਵਾ ਕੀਤਾ ਕਿ ਜਲਦ ਹੀ ਇਸ ਘਟਨਾ ਵਿੱਚ ਜਿਸ ਵਿਅਕਤੀ ਦਾ ਵੀ ਰੋਲ ਸਾਹਮਣੇ ਆਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਜਿਹੜੇ ਉਹਨਾਂ ਵੱਲੋਂ ਹਥਿਆਰ ਵਰਤੇ ਗਏ ਹਨ। ਉਹਨਾਂ ਨੂੰ ਵੀ ਜਲਦ ਬਰਾਮਦ ਕੀਤੇ ਜਾਵੇਗਾ।
ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਇਹ ਭੀੜ ਭਾੜ ਵਾਲਾ ਇਲਾਕਾ ਹੈ ਅਤੇ ਕੋਟਕਪੂਰਾ ਨੂੰ ਜਾਣ ਵਾਲੀ ਇੱਕ ਮੇਨ ਸੜਕ ਹੈ। ਜਿਸ ਉੱਤੇ ਹਮੇਸ਼ਾ ਹੀ ਆਵਾਜਾਈ ਰਹਿੰਦੀ ਹੈ ਅਤੇ ਇਸ ਥਾਂ ਉੱਤੇ ਜੇਕਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਕਿਸੇ ਵੀ ਆਉਂਦੇ ਜਾਂਦੇ ਵਿਅਕਤੀ ਨੂੰ ਗੋਲੀ ਲੱਗ ਸਕਦੀ ਸੀ। ਉਹਨਾਂ ਦੱਸਿਆ ਕਿ ਪੁਲਿਸ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਬਣਾਏ ਰੱਖਣ ਵਿੱਚ ਪੂਰੀ ਤਰਾਂ ਨਾਕਾਮਯਾਬ ਸਾਬਤ ਹੋਈ ਹੈ।