Pahalgam Attack: ਪਹਿਲਗਾਮ ਅੱਤਵਾਦੀ ਹਮਲੇ ਦਾ ਅਸਰ ਮਾਤਾ ਵੈਸ਼ਨੋ ਦੇਵੀ ਦੇ ਤੀਰਥ ਸਥਾਨ ਕਟੜਾ ਵਿੱਚ ਵੀ ਦੇਖਿਆ ਜਾ ਰਿਹਾ ਹੈ। ਕਟੜਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਵਜ਼ੀਰ ਨੇ ਕਿਹਾ ਕਿ ਕਟੜਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹੋਟਲ ਬੁਕਿੰਗ ਰੱਦ ਕਰ ਦਿੱਤੀ ਹੈ।
ਰਾਕੇਸ਼ ਵਜ਼ੀਰ ਨੇ ਕਿਹਾ ਕਿ ਪਹਿਲਗਾਮ ਹਮਲੇ ਦਾ ਵੱਡਾ ਪ੍ਰਭਾਵ ਕਟੜਾ ਵਿੱਚ ਮਹਿਸੂਸ ਕੀਤਾ ਗਿਆ ਹੈ ਅਤੇ ਹੋਟਲ ਮਾਲਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੀਆਂ ਬੁਕਿੰਗਾਂ ਰੱਦ ਕਰਨ ਲਈ ਲਗਾਤਾਰ ਕਾਲਾਂ ਆ ਰਹੀਆਂ ਹਨ।
ਇਸ ਦੇ ਨਾਲ ਹੀ ਰਾਕੇਸ਼ ਵਜ਼ੀਰ ਨੇ ਦੇਸ਼ ਭਰ ਤੋਂ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਵੈਸ਼ਨੋ ਦੇਵੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ, ਕਟੜਾ ਵਿੱਚ ਹਮੇਸ਼ਾ ਸ਼ਾਂਤੀਪੂਰਨ ਮਾਹੌਲ ਰਿਹਾ ਹੈ ਅਤੇ ਪਹਿਲਗਾਮ ਅਤੇ ਕਸ਼ਮੀਰ ਇੱਥੋਂ ਬਹੁਤ ਦੂਰ ਹਨ, ਇਸ ਲਈ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਡਰ ਦੇ ਇੱਥੇ ਆਉਣਾ ਚਾਹੀਦਾ ਹੈ ਅਤੇ ਮਾਤਾ ਰਾਣੀ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਦੂਜੇ ਪਾਸੇ ਜੰਮੂ-ਕਸ਼ਮੀਰ ਜਾਣ ਵਾਲੇ ਸੈਲਾਨੀਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਵੱਡੇ ਪੈਮਾਨੇ ’ਤੇ ਬੁਕਿੰਗ ਰੱਦ ਕਰਵਾ ਦਿੱਤੀ ਹੈ। ਟਰੈਵਲ ਏਜੰਸੀਆਂ ਦਾ ਕਹਿਣਾ ਹੈ ਕਿ 90 ਫੀਸਦੀ ਬੁਕਿੰਗ ਰੱਦ ਕਰਵਾ ਦਿੱਤੀ ਗਈ ਹੈ। ਦੇਸ਼ ਭਰ ਵਿਚ 15 ਹਜ਼ਾਰ ਤੋਂ ਵੱਧ ਏਅਰ ਟਿਕਟਾਂ ਕੈਂਸਲ ਜਾਂ ਰੀਸ਼ਡਿਊਲਡ ਕਰਵਾਈਆਂ ਗਈਆਂ ਹਨ। ਡੋਮੈਸਟਿਕ ਏਅਰਲਾਈਨਸ ਨੂੰ ਦੇਸ਼ ਭਰ ਤੋਂ ਲਗਭਗ 15 ਹਜ਼ਾਰ ਯਾਤਰੀਆਂ ਨੇ ਟਿਕਟਾਂ ਰੱਦ ਕਰਵਾਉਣ ਜਾਂ ਰੀਸ਼ਡਿਊਲ ਕਰਵਾਉਣ ਦੀਆਂ ਅਪੀਲਾਂ ਆ ਰਹੀਆਂ ਹਨ।
ਇਸ ਤਰ੍ਹਾਂ ਡੀਜੀਸੀਏ ਨੇ ਵੀ ਹਾਲਾਤ ਨੂੰ ਵੇਖਦਿਆਂ ਜਹਾਜ਼ ਕੰਪਨੀਆਂ ਨੂੰ ਕਿਰਾਇਆ ਨਾ ਵਧਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਮਿਲੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿਚੋਂ ਲਗਭਗ 60 ਤੋਂ 70 ਹਜ਼ਾਰ ਲੋਕ ਹਰ ਹਫ਼ਤੇ ਸ਼੍ਰੀਨਗਰ ਜਾਂਦੇ ਹਨ ਪਰ ਪਹਿਲਗਾਮ ਹਮਲੇ ਤੋਂ ਬਾਅਦ ਇਸ ਗਿਣਤੀ ਵਿਚ ਕਮੀ ਆਈ ਹੈ। 15 ਦਿਨ ਤਕ ਇਹੀ ਸਥਿਤੀ ਬਣੀ ਰਹਿਣ ਦਾ ਖ਼ਦਸ਼ਾ ਹੈ। ਏਅਰਪੋਰਟ ਸੂਤਰਾਂ ਦੀ ਮੰਨੀ ਜਾਵੇ ਤਾਂ ਜ਼ਿਆਦਾਤਰ ਯਾਤਰੀਆਂ ਦੀਆਂ ਬੇਨਤੀਆਂ ਫਲਾਈਟ ਨੂੰ ਅੱਗੇ ਦੀ ਡੇਟ ’ਚ ਰੀਸ਼ਡਿਊਲ ਕਰਨ ਲਈ ਆਈਆਂ ਹਨ।
ਇੰਡੀਗੋ ਨੂੰ ਲਗਭਗ 7,500 ਟਿਕਟਾਂ ਨੂੰ ਰੀਸ਼ਡਿਊਲ ਜਾਂ ਕੈਂਸਲ ਕਰਨ ਦੀਆਂ ਬੇਨਤੀਆਂ ਮਿਲੀਆਂ ਹਨ। ਏਅਰ ਇੰਡੀਆ ਗਰੁੱਪ ਤਹਿਤ ਚੱਲਣ ਵਾਲੀਆਂ ਏਅਰਲਾਈਨਜ਼ ਨੂੰ ਲਗਭਗ 5,000 ਟਿਕਟਾਂ ਨੂੰ ਰੀਸ਼ਡਿਊਲ ਕਰਵਾਉਣ ਦੀਆਂ ਬੇਨਤੀਆਂ ਮਿਲੀਆਂ ਹਨ। ਇਸੇ ਤਰ੍ਹਾਂ ਸਪਾਈਸਜੈੱਟ ਨੂੰ ਲਗਭਗ 2500 ਟਿਕਟਾਂ ਲਈ ਬੇਨਤੀਆਂ ਮਿਲੀਆਂ ਹਨ।