Amritsar News: ਥਾਣਾ ਇਸਲਾਮਾਬਾਦ ਪੁਲਿਸ ਨੇ 2 ਅਗਸਤ ਨੂੰ ਹੋਏ ਨੌਜਵਾਨ ਵਿਕੀ ਦੇ ਕਤਲ ਮਾਮਲੇ ਦੀ ਗੁਥੀ ਸਲਝਾਉਂਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਏ.ਡੀ.ਸੀ.ਪੀ.-1 ਵਿਸ਼ਾਲਜੀਤ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਕੀ, ਜੋ ਕਿ ਕੀਤੇ ਕਰਾਏ ਦਾ ਕੰਮ ਕਰਦਾ ਸੀ, ਉਹ ਨਰਿੰਦਰ ਕੁਮਾਰ ਦੀ ਪਤਨੀ ਅਤੇ ਬੇਟੀ ਦੀ ਮਨੋਵਿਗਿਆਨਕ ਤਕਲੀਫ਼ ਲਈ ਤੰਤਰ ਮੰਤਰ ਕਰ ਰਿਹਾ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਵਿਕੀ ਨਰਿੰਦਰ ਕੁਮਾਰ ਦੀ ਬੇਟੀ 'ਤੇ ਗਲਤ ਨਿਗਾਹ ਰੱਖਦਾ ਸੀ। ਜਦੋਂ ਨਰਿੰਦਰ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਵਿਕੀ ਨੂੰ ਆਪਣੇ ਘਰ ਬੁਲਾਇਆ ਅਤੇ ਮੌਕਿਆਂ ਉੱਤੇ ਹੋਈ ਝੜਪ ਦੌਰਾਨ ਤਲਵਾਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨਰਿੰਦਰ ਕੁਮਾਰ, ਉਸ ਦੀ ਪਤਨੀ, ਬੇਟਾ ਅਤੇ ਬੇਟੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰੇ ਦੋਸ਼ੀਆਂ ਖਿਲਾਫ ਕਤਲ ਦੇ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਏਡੀਸੀਪੀ-1 ਵਿਸ਼ਾਲਜੀਤ ਸਿੰਘ ਨੇ ਕਿਹਾ ਕਿ “ਸਾਡੀ ਟੀਮ ਨੇ ਵਧੀਆ ਤਰੀਕੇ ਨਾਲ ਜਾਂਚ ਕਰਦਿਆਂ 48 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ। ਘਟਨਾ ਪਿਛੇ ਪਰਿਵਾਰਕ ਝਗੜਾ ਤੇ ਤੰਤਰ ਮੰਤਰ ਦਾ ਮਾਮਲਾ ਸਾਹਮਣੇ ਆਇਆ। ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।