Kapurthala News: ਕਪੂਰਥਲਾ ਪੁਲਿਸ ਨੇ ਅੰਮ੍ਰਿਤਸਰ ਤੋਂ ਵਾਰਦਾਤ ਲਈ ਆਏ ਦੋ ਸ਼ਾਤਿਰ ਬਦਮਾਸ਼ਾਂ ਨੂੰ ਫਾਈਰਿੰਗ ਤੋਂ ਬਾਅਧ ਗ੍ਰਿਫ਼ਤਾਰ ਕਰ ਲਿਆ। ਇਹ ਗਿਰਫ਼ਤਾਰੀ ਉਸ ਵੇਲੇ ਹੋਈ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਬਦਮਾਸ਼ਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਉਨ੍ਹਾਂ ਦਾ ਕਈ ਕਿਲੋਮੀਟਰ ਤੱਕ ਤੇਜ਼ ਰਫ਼ਤਾਰ 'ਚ ਪਿੱਛਾ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਦੋਸ਼ੀਆਂ ਕੋਲੋਂ ਇੱਕ ਪਿਸਤੌਲ, 3 ਕਾਰਤੂਸ ਅਤੇ 110 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਜੰਗਪ੍ਰੀਤ ਸਿੰਘ ਉਰਫ਼ ਲੱਲਾ ਪਿਤਾ ਜਗੀਰ ਸਿੰਘ ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਅਤੇ ਕਰਨਬੀਰ ਸਿੰਘ ਪਿਤਾ ਬਲਰਾਜ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ, ਤਰਨਤਾਰਨ ਵਜੋਂ ਹੋਈ ਹੈ। ਜੰਗਪ੍ਰੀਤ ਸਿੰਘ 'ਤੇ ਪੰਜਾਬ 'ਚ 8, ਹਰਿਆਣਾ 'ਚ 5 ਅਤੇ ਰਾਜਸਥਾਨ 'ਚ 1 ਮਾਮਲਾ ਦਰਜ ਹੈ, ਜਦਕਿ ਕਰਨਬੀਰ ਸਿੰਘ 'ਤੇ ਅਮ੍ਰਿਤਸਰ 'ਚ ਪਹਿਲਾਂ ਤੋਂ ਹੀ ਇੱਕ ਕੇਸ ਚੱਲ ਰਿਹਾ ਹੈ।
ਇਸ ਪੂਰੀ ਘਟਨਾ ਦੀ ਵੀਡੀਓ ਵੀ ਸਹਾਮਣੇ ਆਈ ਹੈ, ਜਿਸ ਵਿੱਚ ਸੀਆਈਏ ਸਟਾਫ ਅਤੇ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਕਈ ਕਿਲੋਮੀਟਰ ਤੱਕ ਕੀਤੇ ਗਏ ਪਿੱਛੇ ਦੀ ਤਸਵੀਰਾਂ ਸਾਂਝੀਆਂ ਹੋ ਰਹੀਆਂ ਹਨ। ਦੋਸ਼ੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਕੂਲ ਦੇ ਸਟੇਡੀਅਮ ਵਿੱਚ ਦਾਖਲ ਹੋ ਕੇ ਇਮਾਰਤ ਤੋਂ ਛਾਲ ਮਾਰ ਦਿੱਤੀ। ਜਿਸ ਦੌਰਾਨ ਇੱਕ ਦੋਸ਼ੀ ਦੀ ਲੱਤ ਟੁੱਟ ਗਈ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਭਰਤੀ ਕਰਵਾਇਆ ਗਿਆ ਹੈ।
ਐਸ.ਪੀ. (ਡੀ) ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਇੱਕ ਹੋਰ ਦੋਸ਼ੀ ਵਿਨੇ ਕੁਮਾਰ ਪਿਤਾ ਹਰਬੰਸ ਲਾਲ ਵਾਸੀ ਪਿੰਡ ਕਾਦੂਪੁਰ, ਕਪੂਰਥਲਾ ਮੌਕੇ ਤੋਂ ਫਰਾਰ ਹੋ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਐਸ.ਪੀ. (ਡੀ) ਪ੍ਰਭਜੋਤ ਸਿੰਘ ਅਨੁਸਾਰ ਪੁਲਿਸ ਵੱਲੋਂ ਨਸ਼ਾ ਤੇ ਗੰਭੀਰ ਅਪਰਾਧਾਂ ਵਿਰੁੱਧ ਚਲ ਰਹੀ ਮੁਹਿੰਮ ਅੰਦਰ ਇਹ ਵੱਡੀ ਸਫਲਤਾ ਹੈ। ਦੋਸ਼ੀਆਂ ਵਿਰੁੱਧ ਸਖਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੇ ਕਦਮ ਚੁੱਕੇ ਜਾ ਰਹੇ ਹਨ।