Amritsar News: ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਗੁਰਦੁਆਰਾ ਗੁਰੂ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਗਈ। ਦੋਹਾਂ ਵਿਚਕਾਰ ਹੋਈ ਬੰਦ ਕਮਰਾ ਮੀਟਿੰਗ ਵਿੱਚ ਤਿੰਨ ਤਖਤਾਂ ਦੇ ਸਾਬਕਾ ਜਥੇਦਾਰਾਂ ਨੂੰ ਲੈ ਕੇ ਪੈਦਾ ਹੋਏ ਤਣਾਅ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਹੋਈ।
ਇਸ ਮਸਲੇ ਸਬੰਧੀ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ 11 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਅੱਗੇ ਰੋਸ ਧਰਨਾ ਰੱਖਣ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਹੁਣ ਰੱਦ ਕਰ ਦਿੱਤਾ ਗਿਆ ਹੈ। ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਐਸ.ਜੀ.ਪੀ.ਸੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇਹ ਮਸਲਾ ਜਲਦੀ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ, “ਸਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸਤਿਕਾਰਯੋਗ ਆਗੂਆਂ ਨਾਲ ਲੰਬੀ ਵਿਚਾਰ-ਵਟਾਂਦਰਾ ਹੋਈ। ਜਿਨ੍ਹਾਂ ਨੇ ਇਹ ਮਸਲਾ ਸਹਿਮਤੀ ਨਾਲ ਹੱਲ ਕਰਨ ਦੀ ਗੱਲ ਕੀਤੀ। ਸਾਨੂੰ ਵਿਸ਼ਵਾਸ ਦਿੱਤਾ ਗਿਆ ਕਿ ਸੰਘਰਸ਼ ਦੀ ਲੋੜ ਨਾ ਪਏ, ਇਸ ਲਈ 11 ਜੂਨ ਦਾ ਧਰਨਾ ਅਸੀਂ ਅਗਲੇ ਹੁਕਮ ਤੱਕ ਮੁਲਤਵੀ ਕਰ ਦਿੱਤਾ ਹੈ।”
ਉਥੇ ਹੀ ਐਸ.ਜੀ.ਪੀ.ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਿਛਲੇ 6 ਜੂਨ ਨੂੰ ਕੌਮ ਵਿੱਚ ਵੱਡਾ ਸੰਦੇਸ਼ ਗਿਆ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਯਾਦ ‘ਚ ਇਕੱਠੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ “ਸੰਪਰਦਾਵਾਂ ਦੇ ਵਿਚਕਾਰ ਭਾਈਚਾਰਾ ਬਣਾਈ ਰੱਖਣਾ ਅਸੀਂ ਆਪਣਾ ਫਰਜ਼ ਸਮਝਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤਿੰਨ ਸਿੰਘ ਸਾਹਿਬਾਨਾਂ ਦੇ ਮਸਲੇ ਦਾ ਹੱਲ ਵੀ ਜਲਦੀ ਲੱਭ ਲਿਆ ਜਾਵੇਗਾ।”
ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਪਰਿਵਾਰਾਂ ਵਿੱਚ ਵੀ ਮਤਭੇਦ ਹੋ ਜਾਂਦੇ ਹਨ, ਪਰ ਉਹਨਾਂ ਨੂੰ ਦੂਰ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਨਾਲ ਭਾਈਚਾਰਕ ਰਿਸ਼ਤੇ ਬਣਾਈ ਰੱਖਣ ‘ਚ ਵਿਸ਼ਵਾਸ ਰੱਖਦੀ ਹੈ।